
350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪ੍ਰਚਾਰਕ ਸਾਹਿਬਾਨ ਨਾਲ ਇਕੱਤਰਤਾ
- by Jasbeer Singh
- June 25, 2025

350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪ੍ਰਚਾਰਕ ਸਾਹਿਬਾਨ ਨਾਲ ਇਕੱਤਰਤਾ ਪ੍ਰਚਾਰਕ ਸ਼ਤਾਬਦੀ ਸਮਾਗਮ ਦੀ ਸਫਲਤਾ ਲਈ 500 ਦੇ ਕਰੀਬ ਪਿੰਡਾਂ ’ਚ ਪਹੁੰਚ ਕਰਨਗੇ : ਜਥੇਦਾਰ ਗੜ੍ਹੀ ਪਟਿਆਲਾ, 25 ਜੂਨ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਚੱਲ ਰਹੀਆਂ ਤਿਆਰੀਆਂ ਦੇ ਚੱਲਦਿਆਂ ਅੱਜ ਅੰਤਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਵਿਚ ਪ੍ਰਚਾਰਕ ਸਾਹਿਬਾਨ ਨਾਲ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਫ਼ਤਿਹਗੜ੍ਹ ਆਦਿ ਤੋਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਸ਼ਹੀਦੀ ਦਿਹਾੜੇ ਸਬੰਧੀ ਉਲੀਕੇ ਪ੍ਰੋਗਰਾਮਾਂ ਵਿਚ ਲਿਆਉਣ ਲਈ ਦੀਰਘ ਵਿਚਾਰਾਂ ਕੀਤੀਆਂ ਗਈਆਂ। ਇਸ ਇਕੱਤਰਤਾ ਵਿਚ ਉਚੇਚੇ ਤੌਰ ਅਤੇ ਮੁੱਖ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ , ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਅਤੇ ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਸਰਬਜੀਤ ਸਿੰਘ ਜੀ ਲੁਧਿਆਣਾ, ਕੋਆਰਡੀਨੇਟਰ ਭਾਈ ਪਰਵਿੰਦਰ ਸਿੰਘ ਰਿਉਂਦ ਅਤੇ ਮਾਲਵਾ ਦੁਆਬਾ ਜੋਨ ਤੋ ਪ੍ਰਚਾਰਕ ਢਾਡੀ ਸਾਹਿਬਾਨ ਆਦਿ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਪ੍ਰਚਾਰਕ ਸਾਹਿਬਾਨ ਅਤੇ ਢਾਡੀ ਸਾਹਿਬਾਨ ਆਦਿ ਨੂੰ ਟੀਚਾ ਦਿੰਦਿਆਂ ਕਿਹਾ ਕਿ ਉਹ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ 6 ਜੁਲਾਈ ਨੂੰ ਹੋਣ ਵਾਲੇ ਮੁੱਖ ਸਮਾਗਮ ਵਿਚ ਸੰਗਤਾਂ ਨੂੰ ਵੱਧ ਤੋਂ ਵੱਧ ਲੈ ਕੇ ਪਹੁੰਚਣ । ਜਥੇਦਾਰ ਗੜ੍ਹੀ ਨੇ ਕਿਹਾ ਕਿ ਸਮਾਗਮ ਦੀ ਸਫਲਤਾ ਲਈ ਹੁਣ ਤੋਂ ਹੀ ਪ੍ਰਚਾਰਕ ਸਾਹਿਬਾਨ ਪਿੰਡਾਂ ਵਿਚ ਪਹੁੰਚ ਕਰਨ ਅਤੇ ਸੰਗਤਾਂ ਨੂੰ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪ੍ਰੇਰਨ ਤਾਂ ਕਿ ਇਸ ਸਮਾਗਮ ਨੂੰ ਗੁਰੂ ਸਾਹਿਬ ਦੀ ਚਰਨਛੋਹ ਧਰਤੀ ’ਤੇ ਵੱਡੇ ਪੱਧਰ ’ਤੇ ਮਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਚਾਰਕ ਸਾਹਿਬਾਨ ਨੂੰ ਜਿੱਥੇ ਡਿਊਟੀਆਂ ਸੌਂਪੀਆਂ ਗਈਆਂ ਹਨ, ਉੱਥੇ ਹੀ ਹਰ ਪ੍ਰਚਾਰਕ ਨੂੰ ਪਿੰਡ ਵੀ ਸੌਂਪੇ ਗਏ ਹਨ ਤਾਂ ਕਿ ਸੰਗਤਾਂ ਇਸ ਸਮਾਗਮ ਦਾ ਹਿੱਸਾ ਬਣ ਸਕਣ। ਜਥੇਦਾਰ ਗੜ੍ਹੀ ਨੇ ਕਿਹਾ ਕਿ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਨਾਲ ਸਬੰਧਿਤ 500 ਦੇ ਕਰੀਬ ਪਿੰਡਾਂ ਵਿਚ ਪ੍ਰਚਾਰਕ ਪਹੁੰਚ ਕਰਨਗੇ।ਇਸ ਦੌਰਾਨ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਵੀ ਪ੍ਰਚਾਰਕ ਸਾਹਿਬਾਨ ਅਤੇ ਢਾਡੀ ਸਾਹਿਬਾਨ ਦੇ ਜਥਿਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਸੌਂਪਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਦੇ ਇਸ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਉਲੀਕੇ ਸਮਾਗਮਾਂ ਨੂੰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦ ਸਿੰਘ ਧਾਮੀ ਹੋਰਨਾਂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਇਸ ਕਰਕੇ ਸਮਾਗਮ ਪ੍ਰਤੀ ਸਾਰੇ ਹੀ ਆਪੋ ਆਪਣੀਆਂ ਡਿਊਟੀਆਂ ਨੂੰ ਫ਼ਰਜ਼ਾਂ ਤਹਿਤ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਭਾਗ ਸਿੰਘ, ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੈਨੇ. ਬਹਾਦਰਗੜ੍ਹ ਮਨਜੀਤ ਸਿੰਘ ਕੌਲੀ, ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਗੁਰਬਚਨ ਸਿੰਘ, ਆਤਮ ਪ੍ਰਕਾਸ਼ ਸਿੰਘ ਬੇਦੀ, ਭਾਈ ਸਰਬਜੀਤ ਸਿੰਘ ਤੇ ਸਮੂਹ ਸਟਾਫ਼ ਮੈਂਬਰ ਆਦਿ ਸ਼ਾਮਲ ਸਨ ।