
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਨਾਲ ਇਕੱਤਰਤਾ
- by Jasbeer Singh
- July 1, 2025

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਨਾਲ ਇਕੱਤਰਤਾ 350 ਸਾਲਾ ਸ਼ਹੀਦੀ ਦਿਹਾੜੇ ਦੇ ਮੁੱਖ ਸਮਾਗਮ ’ਚ ਬੀਬੀਆਂ ਵੀ ਵੱਡੇ ਪੱਧਰ ’ਤੇ ਕਰਨਗੀਆਂ ਸ਼ਿਰਕਤ : ਪ੍ਰੋ. ਬਡੂੰਗਰ ਪਟਿਆਲਾ, 1 ਜੁਲਾਈ 2025 : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁੱਖ ਸਮਾਗਮ ਸਬੰਧੀ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅੰਤਰੰਗ ਕਮੇਟੀ ਮੈਂਬਰ ਜਥੇਦਾਰ ਰਵਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਸ਼ਹਿਰ ਦੀਆਂ ਵੱਖ ਵੱਖ ਸੁਖਮਨੀ ਸੇਵਾ ਸੁਸਾਇਟੀਆਂ ਨਾਲ ਸਬੰਧਿਤ ਬੀਬੀਆਂ ਨਾਲ ਅੱਜ ਇਕੱਤਰਤਾ ਕੀਤੀ ਗਈ। ਇਸ ਦੌਰਾਨ ਮੁੱਖ ਸਮਾਗਮ ਵਿਚ ਸੰਗਤਾਂ ਵੱਲੋਂ ਕੀਤੀ ਜਾਣ ਵਾਲੀ ਸ਼ਿਰਕਤ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤਾਂ ਕਿ 350 ਸਾਲਾ ਸ਼ਹੀਦੀ ਦਿਹਾੜੇ ਨੂੰ ਗੁਰੂ ਸਾਹਿਬ ਦੇ ਅਸਥਾਨ ’ਤੇ ਵੱਡੇ ਪੱਧਰ ’ਤੇ ਮਨਾਇਆ ਜਾ ਸਕੇ। ਇਸ ਸਬੰਧ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਲਵਾ ਜ਼ੋਨ ਵਿਚ ਸ਼ਤਾਬਦੀ ਸਬੰਧੀ ਦੋ ਵੱਡੇ ਅਹਿਮ ਸਮਾਗਮ ਕਰਵਾ ਰਹੀ ਹੈ, ਜਿਸ ਵਿਚ ਪਟਿਆਲਾ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਿਤ ਅਸਥਾਨ ਇਸ ਮਹਾਨ ਧਰਤੀ ’ਤੇ ਹਨ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਅੱਜ ਇਸ ਧਰਤੀ ਤੋਂ ਦੁਨੀਆ ਤੱਕ ਇਕ ਅਜਿਹਾ ਸੁਨੇਹਾ ਸਮੁੱਚੀ ਲੁਕਾਈ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ਼ਹਿਰ ਦੀਆਂ ਸੁਖਮਨੀ ਸੇਵਾ ਸੁਸਾਇਟੀ ਨਾਲ ਸਬੰਧਿਤ ਬੀਬੀਆਂ ਨੇ ਵੀ ਆਪਣੇ ਵਿਚਾਰ ਦਿੰਦਿਆਂ 6 ਜੁਲਾਈ ਨੂੰ ਹੋਣ ਵਾਲੇ ਸਮਾਗਮ ਵਿਚ ਸ਼ਿਰਕਤ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ, ਮੈਨੇਜਰ ਭਾਗ ਸਿੰਘ, ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਗੁਰਬਚਨ ਸਿੰਘ ਆਦਿ ਤੋਂ ਇਲਾਵਾ ਭਾਈ ਸਰਬਜੀਤ ਸਿੰਘ, ਭਾਈ ਹਜ਼ੂਰ ਸਿੰਘ, ਭਾਈ ਮਨਜੀਤ ਸਿੰਘ ਆਦਿ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਸਟਾਫ਼ ਮੈਂਬਰ ਆਦਿ ਸ਼ਾਮਲ ਸਨ।