
ਕਿਸਾਨਾਂ ਨਾਲ ਕੀਤੀ ਬਦਸਲੂਕੀ ਦੀ ਮਾਫੀ ਮੰਗੇ ਸਰਕਾਰ : ਐਸ. ਕੇ. ਐਮ. ਨਾਭਾ
- by Jasbeer Singh
- March 10, 2025

ਕਿਸਾਨਾਂ ਨਾਲ ਕੀਤੀ ਬਦਸਲੂਕੀ ਦੀ ਮਾਫੀ ਮੰਗੇ ਸਰਕਾਰ : ਐਸ. ਕੇ. ਐਮ. ਨਾਭਾ ਨਾਭਾ : 3 ਮਾਰਚ ਨੂੰ ਚੰਡੀਗੜ੍ਹ ਪੰਜਾਬ ਭਵਨ ਵਿੱਚ ਐਸ ਕੇ ਐਮ ਦੇ ਆਗੂਆਂ ਨਾਲ ਹੋਈ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਦੇ ਵਿੱਚ ਜੋ ਸਲੂਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸ ਕੇ ਐਮ ਦੇ ਆਗੂਆਂ ਨਾਲ ਕੀਤਾ ਅਤੇ 5 ਮਾਰਚ ਦੇ ਚੰਡੀਗੜ੍ਹ ਵਿੱਚ ਲੱਗਣ ਵਾਲੇ ਧਰਨੇ ਨੂੰ ਤਾਰਪੀਡੋ ਕਰਨ ਲਈ ਜੋ ਜ਼ਬਰ ਢਾਹਿਆ, ਪੰਜਾਬ ਦੇ ਲਗਭਗ ਸਾਰੇ ਵੱਡੇ ਛੋਟੇ ਆਗੂਆਂ ਨੂੰ ਫੜ ਕੇ ਜੇਲਾਂ ਵਿੱਚ ਤੁੰਨਿਆ ਅਤੇ ਮੀਡੀਆ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਵੱਲੋਂ ਜੋ ਝੂਠ ਬੋਲਿਆ ਗਿਆ । ਉਸ ਦੇ ਖਿਲਾਫ ਪੂਰੇ ਪੰਜਾਬ ਦੇ ਕਿਸਾਨਾਂ ਅੰਦਰ ਬੇਹੱਦ ਰੋਸ਼ ਹੈ, ਇਸ ਲਈ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਹੋ ਰਹੇ ਹਨ । ਨਾਭੇ ਦੇ ਵਿੱਚ ਵਿਧਾਇਕ ਗੁਰਦੇਵ ਸਿੰਘ (ਦੇਵ ਮਾਨ) ਦੇ ਦਫ਼ਤਰ ਅੱਗੇ ਇਲਾਕੇ ਦੇ ਕਿਸਾਨਾਂ ਵੱਲੋਂ ਵੱਡਾ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਕਿਸਾਨਾਂ ਨੇ ਪੁੱਛਿਆ ਕਿ ਸਾਨੂੰ ਦੱਸੋ ਮੁੱਖ ਮੰਤਰੀ ਨੂੰ ਦੇਣ ਵਾਲੇ ਮੰਗ ਪੱਤਰ ਵਿੱਚ ਲਿਖੀਆਂ 18 ਮੰਗਾਂ ਵਿੱਚੋਂ ਕਿਹੜੀ ਮੰਗ ਹੈ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਹੈ । ਫਿਰ ਕਿਉਂ ਸਾਰੀ ਸਰਕਾਰ ਅਤੇ ਸਰਕਾਰੀ ਤੰਤਰ ਕੂੜ ਪ੍ਰਚਾਰ ਕਰਨ ਤੇ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀਆਂ ਮੰਗਾਂ ਤਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ। ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਦਾ ਰਵਈਆ ਨਾ ਬਦਲਿਆ ਤਾਂ ਲੋਕਾਂ ਨੇ ਤੁਹਾਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ । ਉਹਨਾਂ ਕਿਹਾ ਕਿ ਪਹਿਲਾਂ ਤਾਂ ਬੀ. ਜੇ. ਪੀ. ਦੀ ਸਰਕਾਰ ਨੇ ਸਾਡੇ ਭਰਾਵਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤੇ ਹੁਣ ਆਪ ਸਰਕਾਰ ਚੰਡੀਗੜ੍ਹ ਜਾਣ ਤੋਂ ਰੋਕ ਰਹੀ ਹੈ। ਕੀ ਕਿਸਾਨ ਇਸ ਦੇਸ਼ ਦੇ ਵਾਸੀ ਨਹੀਂ । ਉਹਨਾਂ ਨੂੰ ਆਪਣੀ ਚੁਣੀ ਹੋਈ ਸਰਕਾਰ ਕੋਲ ਆਪਣੀ ਗੱਲ ਰੱਖਣ ਦਾ ਵੀ ਅਧਿਕਾਰ ਨਹੀਂ । ਅੱਜ ਇਸ ਧਰਨੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਆਪ ਸਰਕਾਰ ਕਿਸਾਨਾਂ ਨਾਲ ਕੀਤੀ ਬਦਸਲੂਕੀ ਦੀ ਮਾਫੀ ਮੰਗੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਮੁੱਖ ਤੌਰ 'ਤੇ ਬੀ ਕੇ ਯੂ ਰਾਜੇਵਾਲ ਤੋਂ ਹਰਦੀਪ ਸਿੰਘ ਘਨੁੜਕੀ, ਅੱਛਰ ਸਿੰਘ ਭੋਜੋਮਾਜਰੀ, ਬੀ. ਕੇ. ਯੂ. (ਏਕਤਾ) ਉਗਰਾਹਾਂ ਤੋਂ ਰਜਿੰਦਰ ਸਿੰਘ ਕਕਰਾਲਾ, ਜਸਵਿੰਦਰ ਸਿੰਘ ਸਾਲੂਵਾਲ, ਬੀ. ਕੇ. ਯੂ. ਡਕੌਦਾ ਤੋਂ ਨਿਰਮਲ ਸਿੰਘ ਨਰਵਾਣਾ, ਜਗਮੇਲ ਸਿੰਘ ਸੁੱਧੇਵਾਲ, ਬੀ ਕੇ ਯੂ ਕ੍ਰਾਂਤੀਕਾਰੀ ਤੋਂ ਪ੍ਰਿਤਪਾਲ ਸਿੰਘ ਢੀਂਗੀ , ਖੇਤੀਬਾੜੀ ਅਤੇ ਪੇਂਡੂ ਵਿਕਾਸ ਫਰੰਟ ਤੋਂ ਜਗਪਾਲ ਸਿੰਘ ਊਧਾ, ਗੁਰਬਖਸ਼ੀਸ ਸਿੰਘ ਕੌਲ, ਕੁੱਲ ਹਿੰਦ ਕਿਸਾਨ ਸਭਾ ਤੋਂ ਗੁਰਮੀਤ ਸਿੰਘ ਛੱਜੂ ਭੱਟ, ਬੀ ਕੇ ਯੂ ਲੱਖੋਵਾਲ ਤੋਂ ਜਰਨੈਲ ਸਿੰਘ ਦੋਦਾ ਅਤੇ ਬੀ ਕੇ ਯੂ ਕਾਦੀਆਂ ਤੋਂ ਅਵਜਿੰਦਰ ਸਿੰਘ ਆਦਿਕ ਆਗੂ ਸ਼ਾਮਲ ਹੋਏ ।
Related Post
Popular News
Hot Categories
Subscribe To Our Newsletter
No spam, notifications only about new products, updates.