
ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਕਮਜੋਰ ਕਰਨ ਪਿੱਛੇ ਸਰਕਾਰਾਂ : ਪ੍ਰੋ. ਕਿਰਪਾਲ ਸਿੰਘ ਬਡੂੰਗਰ
- by Jasbeer Singh
- July 26, 2024

ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਕਮਜੋਰ ਕਰਨ ਪਿੱਛੇ ਸਰਕਾਰਾਂ : ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਿੱਤੀ ਸੰਕਟ ਦੇ ਨਾਲ ਅਧਿਆਪਕਾਂ ਦੀ ਘਾਟ ਤੇ ਵਿਭਾਗਾਂ ਦਾ ਰਲੇਵਾਂ ਵੱਡੀ ਚੁਣੌਤੀ ਪਟਿਆਲਾ 26 ਜੁਲਾਈ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਨੂੰ ਕਮਜ਼ੋਰ ਕਰਨ ਪਿੱਛੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੋਵਾਂ ਯੂਨੀਵਰਸਿਟੀਆਂ ’ਚ ਵਿੱਤੀ ਸੰਕਟ ਅਤੇ ਅਧਿਆਪਕਾਂ ਦੀ ਘਾਟ ਦੇ ਚੱਲਦਿਆਂ ਕੀਤਾ ਜਾ ਰਿਹਾ ਵਿਭਾਗਾਂ ਦਾ ਰਲੇਵਾਂ ਇਹ ਦੱਸਦਾ ਹੈ ਕਿ ਸਰਕਾਰਾਂ ਪੰਜਾਬ ਦੀਆਂ ਦੋਵਾਂ ਯੂਨੀਵਰਸਿਟੀਆਂ ਨੂੰ ਕਮਜੋਰ ਕਰਨ ਪਿੱਛੇ ਸਾਜਿਸ਼ਾਂ ਕਰਨ ’ਤੇ ਲੱਗੀਆਂ ਹੋਈਆਂ ਹਨ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਲਵਾ ਖੇਤਰ ਅਧੀਨ ਆਉਂਦੀ ਅਜਿਹੀ ਯੂਨੀਵਰਸਿਟੀ ਹੈ, ਜਿਸ ਦਾ ਮੁੱਖ ਮੰਤਵ ਖੋਜ ਕਾਰਜ ਅਤੇ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਸੀ, ਪ੍ਰੰਤੂ ਲੰਮੇ ਸਮੇਂ ਤੋਂ ਸਰਕਾਰਾਂ ਦੀ ਬਦਨੀਤੀ ਕਾਰਨ ਦੋਵਾਂ ਯੂਨੀਵਰਸਿਟੀਆਂ ਅੰਦਰਲਾ ਵਿੱਤੀ ਸੰਕਟ ਜਿਥੇ ਬੇਹੱਦ ਗਹਿਰਾ ਹੋ ਰਿਹਾ, ਉਥੇ ਹੀ ਅਧਿਆਪਕਾਂ ਦੀ ਘਾਟ ਅਤੇ ਵਿਭਾਗਾਂ ਦੇ ਰਲੇਵੇਂ ਕਾਰਨ ਚੁਣੌਤੀਆਂ ਹੋਰ ਵੀ ਵੱਡੀਆਂ ਹੋ ਰਹੀਆਂ, ਜਿਸ ਪ੍ਰਤੀ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਿੱਖਿਆ ਦੇ ਖੇਤਰ ਦੀਆਂ ਰੀੜ ਦੀ ਹੱਡੀ ਹਨ ਪਰ ਅਫਸੋਸ ਹੈ ਕਿ ਯੋਜਨਾਬੱਧ ਢੰਗ ਨਾਲ ਦੋਵਾਂ ਯੂਨੀਵਰਸਿਟੀਆਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੀ ਹੈ ਅਤੇ ਵਿਭਾਗਾਂ ਦੇ ਰਲੇਵੇ ਕੀਤੇ ਜਾ ਰਹੇ ਹਨ, ਜਿਸ ਕਾਰਨ ਖੋਜਕਾਰਜ ਰੁਕਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਯੂਨੀਵਰਸਿਟੀਆਂ ਦੇ ਮੁਕਾਬਲੇ ਨਿੱਜੀ ਯੂਨੀਵਰਸਿਟੀਆਂ ਪ੍ਰਫੁੱਲਤ ਹੋ ਰਹੀਆਂ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰਾਂ ਜਿਥੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੀਆਂ, ਉਥੇ ਹੀ ਦੋਵਾਂ ਯੂਨੀਵਰਸਿਟੀਆਂ ਦੇ ਉਜਾੜੇ ਲਈ ਵੀ ਬੇਧਿਆਨੀ ਅਹਿਮ ਕਾਰਨ ਬਣੀ ਹੋਈ ਹੈ।