ਗੁਰਮਤਿ ਸੰਗੀਤ ਚੇਅਰ ਵੱਲੋਂ 'ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ' ਅਧੀਨ 34ਵਾਂ ਆਨਲਾਈਨ ਵਿਖਿਆਨ ਕਰਵਾਇਆ
- by Jasbeer Singh
- May 30, 2025
ਗੁਰਮਤਿ ਸੰਗੀਤ ਚੇਅਰ ਵੱਲੋਂ 'ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ' ਅਧੀਨ 34ਵਾਂ ਆਨਲਾਈਨ ਵਿਖਿਆਨ ਕਰਵਾਇਆ ਪਟਿਆਲਾ, 30 ਮਈ : ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ 'ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ' ਅਧੀਨ 34ਵਾਂ ਆਨਲਾਈਨ ਵਿਖਿਆਨ ਕਰਵਾਇਆ ਗਿਆ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ, ਸੰਗੀਤ ਵਿਭਾਗ ਅਤੇ ਗੁਰਮਤਿ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਦੱਸਿਆ ਕਿ 'ਬਾਣੀ ਗੁਰੂ ਤੇਗ ਬਹਾਦਰ ਜੀ : ਰਾਗਾਤਮਕ ਪਰਿਪੇਖ' ਵਿਸ਼ੇ ਉੱਤੇ ਇਹ ਭਾਸ਼ਣ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਦਿੱਤਾ ਗਿਆ। ਇਸ ਸੰਵਾਦ ਦੌਰਾਨ ਸ੍ਰ. ਬ੍ਰਿਜਿੰਦਰ ਪਾਲ ਸਿੰਘ ਮੁੱਖ ਮਹਿਮਾਨ ਵਜੋਂ ਜੁੜੇ। ਕੋਆਰਡੀਨੇਟਰ ਡਾ. ਹਰਮਿੰਦਰ ਕੌਰ ਨੇ ਮੁੱਖ ਬੁਲਾਰੇ ਦੀ ਜਾਣ ਪਛਾਣ ਕਰਵਾਈ। ਡਾ. ਰਾਜਵੰਤ ਕੌਰ ਪੰਜਾਬੀ ਨੇ ਆਪਣੇ ਭਾਸ਼ਣ ਵਿੱਚ ਰਾਗ ਦੀ ਮਹੱਤਤਾ, ਸੌਂਦਰਯ ਪੱਖ, ਸਮਾਂ ਸਿਧਾਂਤ ਆਦਿ ਦੇ ਪਰਿਪੇਖ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਚਰਚਾ ਕੀਤੀ। ਉਨ੍ਹਾਂ ਗੁਰਬਾਣੀ ਵਿਚੋਂ ਵੱਖ-ਵੱਖ ਤੁਕਾਂ ਦੀ ਉਦਾਹਰਣ ਦਿੰਦੇ ਹੋਏ ਬਾਣੀ ਅਤੇ ਰਾਗ ਦੀ ਆਪਸੀ ਸਾਂਝ ਬਾਰੇ ਜਾਣਕਾਰੀ ਦਿੱਤੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਦੇ ਮੁੱਖ ਪ੍ਰਬੰਧਕ ਸ੍ਰ. ਬ੍ਰਿਜਿੰਦਰ ਪਾਲ ਸਿੰਘ ਨੇ ਸਬੰਧਤ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗੁਰਮਤਿ ਸੰਗੀਤ ਚੇਅਰ ਵਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸਰੋਤਿਆਂ ਵਿੱਚ ਵੱਡੀ ਗਿਣਤੀ ਵਿਚ ਫ਼ੈਕਲਟੀ ਮੈਂਬਰ, ਵਿਦਿਆਰਥੀ, ਖੋਜਾਰਥੀ ਅਤੇ ਸ੍ਰ. ਜਸਬੀਰ ਸਿੰਘ ਜਵੱਦੀ, ਸ੍ਰ. ਹਰਪ੍ਰੀਤ ਸਿੰਘ ਸਾਹਨੀ, ਜਨਾਬ ਅਲੀ ਅਕਬਰ ਆਦਿ ਸ਼ਾਮਲ ਹੋਏ।
