ਆਂਗਣਵਾੜੀ ਸੈਂਟਰਾਂ ਵਿੱਚ ਮਨਾਇਆ ਗਿਆ ਅਨੀਮੀਆ ਦਿਵਸ ਗਰਭਵਤੀ ਮਹਿਲਾਵਾਂ ਤੇ ਕਿਸ਼ੋਰੀਆਂ ਨੂੰ ਅਨੀਮੀਆ ਬਾਰੇ ਕੀਤਾ ਗਿਆ ਜਾਗਰੂਕ ਮਾਲੇਰਕੋਟਲਾ, 17 ਦਸੰਬਰ 2025 : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਆਂਗਣਵਾੜੀ ਸੈਂਟਰਾਂ ਵਿੱਚ ਅਨੀਮੀਆ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਪੂਰਨ ਪੰਕਜ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ 545 ਆਂਗਣਵਾੜੀ ਸੈਂਟਰਾਂ ਵਿੱਚ ਅਨੀਮੀਆ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰੀਆਂ ਨੂੰ ਅਨੀਮੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਆਂਗਣਵਾੜੀ ਵਰਕਰਾਂ ਵੱਲੋਂ ਅਨੀਮੀਆ ਦੇ ਕਾਰਨ, ਲੱਛਣ ਅਤੇ ਬਚਾਅ ਦੇ ਉਪਾਅ ਸਮਝਾਏ ਗਏ। ਇਸ ਦੇ ਨਾਲ ਹੀ ਲੋਹੇ ਨਾਲ ਭਰਪੂਰ ਖੁਰਾਕ ਜਿਵੇਂ ਹਰੀਆਂ ਸਬਜ਼ੀਆਂ, ਦਾਲਾਂ, ਗੁੜ, ਚੁੱਕੰਦਰ ਆਦਿ ਖਾਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਿਯਮਿਤ ਤੌਰ ’ਤੇ ਆਇਰਨ-ਫੋਲਿਕ ਐਸਿਡ ਦੀਆਂ ਗੋਲੀਆਂ ਲੈਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਹਾਜ਼ਰ ਮਹਿਲਾਵਾਂ ਦੀ ਸਿਹਤ ਜਾਂਚ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਸਾਫ਼-ਸੁਥਰੀ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਜਾਗਰੂਕ ਕੀਤਾ ਗਿਆ। ਮਹਿਲਾਵਾਂ ਨੂੰ ਦੱਸਿਆ ਗਿਆ ਕਿ ਅਨੀਮੀਆ ਖੂਨ ਵਿੱਚ ਲੋਹੇ ਦੀ ਘਾਟ ਕਾਰਨ ਹੁੰਦਾ ਹੈ, ਜਿਸ ਨਾਲ ਥਕਾਵਟ, ਚੱਕਰ ਆਉਣਾ ਆਦਿ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਬੱਚਿਆਂ ਵਿੱਚ ਅਨੀਮੀਆ ਹੋਣ ਨਾਲ ਕਮਜ਼ੋਰੀ ਅਤੇ ਪੜ੍ਹਾਈ ਵਿੱਚ ਧਿਆਨ ਦੀ ਕਮੀ ਆ ਸਕਦੀ ਹੈ। ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਨਿਯਮਤ ਸਿਹਤ ਜਾਂਚ ਅਤੇ ਆਇਰਨ ਦੀਆਂ ਗੋਲੀਆਂ ਲੈਣ ਨਾਲ ਅਨੀਮੀਆ ਤੋਂ ਬਚਾਅ ਸੰਭਵ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਵੀ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਅਨੀਮੀਆ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਅਨੀਮੀਆ-ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ। ਇਸ ਮੌਕੇ ਸਾਰੇ ਭਾਗੀਦਾਰਾਂ ਨੇ ਅਨੀਮੀਆ-ਮੁਕਤ ਸਮਾਜ ਬਣਾਉਣ ਦਾ ਸੰਕਲਪ ਲਿਆ। ਪ੍ਰੋਗਰਾਮ ਦੌਰਾਨ ਆਂਗਣਵਾੜੀ ਵਰਕਰ ਜਸਵੀਰ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਸੁਰਿੰਦਰ ਕੌਰ, ਕਮਲਬੀਰ ਕੌਰ ਤੋਂ ਇਲਾਵਾ ਹੋਰ ਆਂਗਣਵਾੜੀ ਵਰਕਰ, ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
