

ਪੰਜਾਬੀ ਯੂਨੀਵਰਸਿਟੀ ਵਿੱਚ ‘ਗੁਰਮਤਿ ਸਿਖਲਾਈ ਕੈਂਪ’ ਸੰਪੰਨ ਪਟਿਆਲਾ, 20 ਜੂਨ : ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ‘ਗੁਰਮਤਿ ਸਿਖਲਾਈ ਕੈਂਪ’ ਲਗਾਇਆ ਗਿਆ। 06 ਜੂਨ 2025 ਤੋਂ ਚੱਲ ਰਹੇ ਇਸ ਕੈਂਪ ਦੇ ਸਮਾਪਨ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਿ਼ਰਕਤ ਕੀਤੀ। ਉਨ੍ਹਾਂ ਇਸ ਕੈਂਪ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ, ਸਿਖਲਾਈ ਦੇਣ ਵਾਲ਼ੇ ਅਧਿਆਪਕਾਂ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬੱਚਿਆਂ ਨੂੰ ਪ੍ਰਮਾਣ-ਪੱਤਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਅਧਾਰਿਤ ਸਾਹਿਤ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ। ਡਾ. ਜਗਦੀਪ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ, ਸਕੱਤਰ ਡਾ. ਗੁਰਜੰਟ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਕੌਰ, ਸ. ਜਸਵੀਰ ਸਿੰਘ ਜਵੱਦੀ, ਸ. ਅਮਰਿੰਦਰ ਸਿੰਘ ਅਤੇ ਸ. ਤੇਜਪਾਲ ਸਿੰਘ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਗਠਿਤ ਕਮੇਟੀ ਦੇ ਮੈਬਰ ਪ੍ਰੋ. ਦਲਜੀਤ ਸਿੰਘ ਅਤੇ ਡਾ. ਸੰਦੀਪ ਕੌਰ ਵੀ ਹਾਜ਼ਰ ਰਹੇ। ਇਸ ‘ਗੁਰਮਤਿ ਸਿਖਲਾਈ ਕੈਂਪ’ ਵਿੱਚ ਤੀਜੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।ਕੈਂਪਸ ਦੌਰਾਨ ਬੱਚਿਆਂ ਨੂੰ ਵੱਖ ਵੱਖ ਵੰਨਗੀਆਂ ਦੀ ਸਿਖਲਾਈ ਦਿੱਤੀ ਗਈ ਜਿਨ੍ਹਾਂ ਵਿੱਚ ਗੁਰਬਾਣੀ ਸੰਥਿਆ, ਸਬਦ ਕੀਰਤਨ, ਪੰਜਾਬੀ ਅੱਖਰਕਾਰੀ, ਗੁਰਮੁਖੀ ਪੇਟਿੰਗ, ਦਸਤਾਰ ਅਤੇ ਗੱਤਕਾ ਆਦਿ ਸ਼ਾਮਿਲ ਹਨ। ਕੈਂਪਸ ਦੇ ਪਹਿਲੇ ਪੜਾਅ ਵਿੱਚ ਭਾਈ ਜਸਵੀਰ ਸਿੰਘ, ਡਾ. ਸੁਖਵਿੰਦਰ ਸਿੰਘ ਅਤੇ ਸ. ਕੁਲਦੀਪ ਸਿੰਘ ਜੀ ਵੱਲੋਂ ਸਿਖਲਾਈ ਦਿੱਤੀ ਗਈ।ਦੂਜੇ ਪੜਾਅ ਵਿਚ ਨਾਦ ਮਿਊਜ਼ਕ ਇੰਸਟੀਚਿਊਟ, ਅਮਰੀਕਾ ਤੋਂ ਪ੍ਰੋ. ਹਰਭਜਨ ਸਿੰਘ ਜ, ਸ. ਜਗਦੇਵ ਸਿੰਘ ਅਤੇ ਬਲਜੀਤ ਕੌਰ ਜੀ ਵੱਲੋਂ ਬੱਚਿਆਂ ਨੂੰ ਹਰਮੋਨੀਅਮ ਅਤੇ ਤਬਲਾ ਦੀ ਤਾਲੀਮ ਦਿਤੀ। ਤੀਜੇ ਪੜਾਅ ਵਿੱਚ ਪੰਜਾਬੀ ਅੱਖਰਕਾਰੀ ਕਲਾ ਦੀ ਸਿਖਲਾਈ ਮਾਸਟਰ ਕਾਲਾ ਕਲਵਾਨੂ ਵੱਲੋਂ ਕਰਵਾਈ ਗਈ। ਅਗਲੇ ਪੜਾਅ ਵਿਚ ਗੁਰਮੁਖੀ ਪੇਟਿੰਗ ਦੀ ਸਿੱਖਿਆ ਸ. ਅਰਸ਼ਦੀਪ ਸਿੰਘ ਵੱਲੋਂ ਦਿੱਤੀ ਗਈ।ਪ੍ਰੋਗਰਾਮ ਦੇ ਅਖੀਰਲੇ ਪੜਾਅ ਵਿੱਚ ਯੂ. ਐੱਸ. ਐੱਸ. ਐੱਫ. ਦੇ ਸੇਵਾਦਾਰਾਂ ਵੱਲੋ ਦਸਤਾਰ ਅਤੇ ਗੱਤਕੇ ਦੀ ਮੁੱਢਲੀ ਸਿਖਲਾਈ ਪ੍ਰਦਾਨ ਕੀਤੀ ਗਈ। ਸਮਾਪਤੀ ਸਮੇਂ ਬੱਚੀ ਰਸਲੀਨ ਕੌਰ ਅਤੇ ਸਾਥੀ ਬੱਚਿਆਂ ਵੱਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਸਫ਼ਲਤਾ ਪੂਰਵਕ ਸੰਪੂਰਨਤਾ ਦੇ ਸ਼ੁਕਰਾਨੇ ਦੀ ਅਰਦਾਸ ਗਿਆਨੀ ਬਲਵੀਰ ਸਿੰਘ ਜੀ ਵੱਲੋਂ ਕੀਤੀ ਗਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਜਸਵੀਰ ਸਿੰਘ ਵੱਲੋ ਵੀ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਪ੍ਰਦਾਨ ਕੀਤੇੇ ਗਏ।