
ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਲਗਾਈ ਹੱਥ ਕਲਾਵਾਂ ਦੀ ਪ੍ਰਦਰਸ਼ਨੀ
- by Jasbeer Singh
- October 24, 2024

ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਲਗਾਈ ਹੱਥ ਕਲਾਵਾਂ ਦੀ ਪ੍ਰਦਰਸ਼ਨੀ ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਦਿਵਾਲੀ ਦੇ ਦਿਨਾਂ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਹੱਥ ਕਲਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ । ਇਹ ਪ੍ਰਦਰਸ਼ਨੀ ਯੂਨੀਵਰਸਿਟੀ ਦੇ ਇੰਟ੍ਰਪਰਿਨਿਊਰ ਇੰਨੋਵੇਸ਼ਨ ਐਂਡ ਕੈਰੀਅਰ ਹੱਬ (ਈ. ਆਈ. ਸੀ. ਐੱਚ.) ਅਧੀਨ ਆਉਂਦੇ ਸਬ- ਗਰੁੱਪ 'ਰੂਰਲ ਟੂਰਿਜ਼ਮ ਅਤੇ ਟਰੈਡੀਸ਼ਨਲ ਆਰਟੀਫੈਕਟਸ' ਵੱਲੋਂ ਲਗਵਾਈ ਗਈ ਹੈ । ਪ੍ਰਦਰਸ਼ਨੀ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋ ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਕੀਤਾ ਗਿਆ । ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਮੌਕੇ ਬੋਲਦਿਆਂ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ਼ ਵਿਦਿਆਰਥੀਆਂ ਵਿੱਚ ਕਲਾਵਾਂ ਪ੍ਰਤੀ ਸਮਝ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਹੱਥੀਂ ਕਿਰਤ ਕਰਨ ਦਾ ਹੁਨਰ ਅਤੇ ਸਬਕ ਸਿਖਦੇ ਹਨ । ਉਨ੍ਹਾਂ ਕਿਹਾ ਕਿ ਵਿਦਿਆਰਥੀ ਜਦੋਂ ਹੱਥ ਕਲਾਵਾਂ ਨਾਲ਼ ਸੰਬੰਧਿਤ ਚੀਜ਼ਾਂ ਦੀ ਸਿਰਜਣਾ ਵਿੱਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਅੰਦਰ ਸੂਖਮਤਾ ਪੈਦਾ ਹੁੰਦੀ ਹੈ ਜੋ ਕਿ ਇਕ ਚੰਗੀ ਅਤੇ ਸੰਵੇਦਨਸ਼ੀਲ ਸ਼ਖ਼ਸੀਅਤ ਦਾ ਅਹਿਮ ਤੱਤ ਹੁੰਦੀ ਹੈ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਵੀ ਇਸ ਕਦਮ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਵਿਦਿਆਰਥੀਆਂ ਦੀ ਮਿਹਨਤ, ਸ਼ਿੱਦਤ ਅਤੇ ਹੁਨਰ ਨੂੰ ਦਰਸਾਉਂਦੀ ਹੈ । ਈ. ਆਈ. ਸੀ. ਐੱਚ. ਡਾਇਰੈਕਟਰ, ਡਾ. ਬਲਵਿੰਦਰ ਸਿੰਘ ਸੂਚ ਨੇ ਵੱਖ-ਵੱਖ ਸਟਾਲਜ਼ ਉੱਤੇ ਪ੍ਰਦਰਸ਼ਿਤ ਵਿਰਾਸਤੀ ਚੀਜ਼ਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ਼ ਜਿੱਥੇ ਵਿਦਿਆਰਥੀਆਂ ਵਿੱਚ ਹੁਨਰ ਪੈਦਾ ਹੁੰਦਾ ਹੈ ਉਥੇ ਹੀ ਨਾਲ ਸਾਡੀ ਵਿਰਾਸਤ ਨੂੰ ਸੰਭਾਲਣ ਅਤੇ ਉਸ ਨੂੰ ਕਾਰੋਬਾਰ ਨਾਲ਼ ਜੋੜ ਕੇ ਜੀਵਿਤ ਰੱਖਣ ਪੱਖੋਂ ਵੀ ਅਜਿਹੇ ਯਤਨ ਜ਼ਰੂਰੀ ਹਨ । ਈ. ਆਈ. ਸੀ. ਐੱਚ. ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਅਤੇ 'ਰੂਰਲ ਟੂਰਿਜ਼ਮ ਅਤੇ ਟਰੈਡੀਸ਼ਨਲ ਆਰਟੀਫੈਕਟਸ' ਦੇ ਕਨਵੀਨਰ ਡਾ. ਨੈਨਾ ਨੇ ਦੱਸਿਆ ਕਿ ਇਸ ਵਿੱਚ ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਸਿਲਾਈ, ਕਢਾਈ, ਪੇਂਟਿੰਗਜ਼, ਬੇਕਰੀ, ਰੇਜਨ ਆਰਟ ਆਦਿ ਦੀਆਂ ਵਸਤੂਆਂ ਪੇਸ਼ ਕੀਤੀਆਂ ਹਨ। ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਪ੍ਰਦਰਸ਼ਨੀ ਵਿੱਚ ਸ਼ਿਰਕਤ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.