
ਪਟਿਆਲਾ ਜ਼ਿਲ੍ਹੇ ’ਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਸਰਗਰਮ : ਸਿਵਲ ਸਰਜਨ
- by Jasbeer Singh
- July 4, 2025

ਪਟਿਆਲਾ ਜ਼ਿਲ੍ਹੇ ’ਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਸਰਗਰਮ : ਸਿਵਲ ਸਰਜਨ - ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਤਹਿਤ 35 ਹਜ਼ਾਰ ਘਰਾਂ ਦੀ ਚੈਕਿੰਗ; 255 ਥਾਵਾਂ ’ਤੇ ਮਿਲੇ ਲਾਰਵੇ ਨੂੰ ਕਰਵਾਇਆ ਨਸ਼ਟ -ਸਿਹਤ ਵਿਭਾਗ ਵੱਲੋਂ ਹੁਣ ਤੱਕ 339820 ਤੋਂ ਵੱਧ ਘਰਾਂ ਦਾ ਸਰਵੇ; 1023 ਥਾਵਾਂ ’ਤੇ ਮਿਲੇ ਲਾਰਵੇ ਨੂੰ ਨਸ਼ਟ ਕਰਵਾਇਆ : ਡਾ. ਜਗਪਾਲਇੰਦਰ ਸਿੰਘ -ਡੇਂਗੂ ਦੇ ਖ਼ਾਤਮੇ ਲਈ ਲੋਕ ਸਹਿਯੋਗ ਦੇਣ; ਆਪਣੇ ਆਲੇ ਦੁਆਲੇ ਖੜੇ ਪਾਣੀ ਦੇ ਸਰੋਤਾਂ ਨੂੰ ਹਫ਼ਤੇ ਵਿੱਚ ਇਕ ਵਾਰ ਜ਼ਰੂਰ ਸੁੱਕਾ ਰੱਖਣ : ਸਿਵਲ ਸਰਜਨ -ਕਿਹਾ, ਸਿਹਤ ਵਿਭਾਗ ਵੱਲੋਂ ਨਿਯਮਿਤ ਤੌਰ ’ਤੇ ਲਾਰਵੇ ਦੀ ਕੀਤੀ ਜਾ ਰਹੀ ਹੈ ਜਾਂਚ -ਵੀਐੱਚਐਨਐਸਸੀ ਤੋਂ ਵੀ ਲਈ ਜਾ ਰਹੀ ਹੈ ਮਦਦ ਪਟਿਆਲਾ, 4 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ· ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਵਾਰ ਡੇਂਗੂ ’ਤੇ ਵਾਰ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ 35084 ਘਰਾਂ ਤੱਕ ਪਹੁੰਚ ਕਰਕੇ 255 ਥਾਵਾਂ ’ਤੇ ਮਿਲੇ ਲਾਰਵੇ ਨੂੰ ਨਸ਼ਟ ਕਰਵਾਇਆ। ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਦੀ ਟੀਮ ਵੱਲੋਂ ਹੁਣ ਤੱਕ ਕੁਲ 3,39,820 ਘਰਾਂ ਦਾ ਸਰਵੇ ਕਰਕੇ 1023 ਥਾਵਾਂ ’ਤੇ ਮਿਲੇ ਲਾਰਵੇ ਨੂੰ ਨਸ਼ਟ ਕਰਵਾਇਆ ਹੈ । ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜਾਂ ਦੇ ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰ ਦੇ ਸਹਿਯੋਗ ਨਾਲ ਡੇਂਗੂ ਦੇ ਹਾਟ-ਸਪਾਟ ਇਲਾਕਿਆਂ ਦੀ ਚੈਕਿੰਗ ਲਈ ਜ਼ਿਲ੍ਹੇ ਭਰ ਵਿੱਚ ਸਪੈਸ਼ਲ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਸਿਵਲ ਸਰਜਨ ਸਮੇਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਵੱਲੋਂ ਕੀਤੀ ਗਈ । ਸਿਵਲ ਸਰਜਨ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕ੍ਰਿਸ਼ਨਾ ਕਲੋਨੀ ਚਾਰ ਨੰਬਰ ਡਵੀਜ਼ਨ, ਦੇਸੀ ਮਹਿਮਾਨਦਾਰੀ, ਅਰੋੜਿਆਂ ਸਟਰੀਟ ਟੀ.ਬੀ ਹਸਪਤਾਲ ਰੋਡ ਨੇੜੇ ਭਸੀਨ ਇਲੈਕਟ੍ਰੋਨਿਕਸ, ਜੁਝਾਰ ਨਗਰ, ਆਜ਼ਾਦ ਨਗਰ, ਜਗਦੀਸ਼ ਆਸ਼ਰਮ ਰੋਡ, ਬੈਂਕ ਕਲੋਨੀ, ਮਾਡਲ ਟਾਊਨ ਨੇੜੇ ਸੀਐਚਸੀ, ਖ਼ਾਲਸਾ ਮੁਹੱਲਾ ਧੋਬੀ ਘਾਟ, ਲੱਕੜ ਮੰਡੀ, ਤ੍ਰਿਪੜੀ ਮੇਨ ਮਾਰਕਿਟ ਤੋਂ ਮੀਡੀਆ ਰੋਡ, ਫੋਕਲ ਪੁਆਇੰਟ, ਕਸ਼ਮੀਰੀ ਗੁਰਦੁਆਰਾ ਸਾਹਿਬ ਤੋਂ ਰਤਨ ਨਗਰ ਐਕਸਟੈਨਸ਼ਨ ਇਲਾਕਿਆਂ ਵਿੱਚ ਘਰ ਘਰ ਵਿਜ਼ਟ ਕਰਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ’ਚ ਪੰਚਾਇਤ ਵਿਭਾਗ, ਨਗਰ ਨਿਗਮ ਸਮੇਤ ਵੀਐੱਚਐਨਐਸਸੀ ਅਤੇ ਲੋਕਲ ਮੁਹੱਲੇ ਦੇ ਮੁਹਤਬਰ ਵਿਅਕਤੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ ਗਈ। ਜਿਨ੍ਹਾਂ ਘਰਾਂ ਅਤੇ ਥਾਵਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਉਸ ਨੂੰ ਮੌਕੇ ਉੱਤੇ ਹੀ ਨੋਟ ਕੀਤਾ ਗਿਆ। ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਕਬਾੜ ਆਦਿ ਸਮਾਨ ਵਿੱਚ ਪਾਣੀ ਜਮ੍ਹਾਂ ਨਾ ਹੋਣ ਦੇਣ ਬਾਰੇ ਸਮਝਾਇਆ ਗਿਆ । ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ। ਇਸ ਮੁਹਿੰਮ ਦਾ ਮੰਤਵ ਇਸ ਭਿਆਨਕ ਬਿਮਾਰੀ ਤੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲ਼ੇ ਦੁਆਲੇ ਦੀ ਸਫ਼ਾਈ ਰੱਖਣ ਅਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ,ਪਾਣੀ ਦੀ ਨਿਕਾਸੀ ਕੀਤੀ ਜਾਵੇ । ਜ਼ਿਲ੍ਹਾ ਐਪੀਡੇਮੌਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਮੁਹਿੰਮ ਅਧੀਨ ਸਟਾਫ਼ ਦੀਆਂ ਟੀਮਾਂ ਨਾਲ ਨਰਸਿੰਗ ਵਿਦਿਆਰਥੀਆਂ ਵੱਲੋਂ ਜ਼ਿਲ੍ਹੇ ਭਰ ਦੇ 35084 ਘਰਾਂ ਵਿਚ ਪਹੁੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 255 ਥਾਂਵਾਂ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 339820 ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 1023 ਥਾਵਾਂ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ।