
ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਪਿੰਡ-ਪਿੰਡ ਨਸ਼ਾ ਮੁਕਤੀ ਯਾਤਰਾ ਨੇ ਫੜੀ ਰਫ਼ਤਾਰ
- by Jasbeer Singh
- May 25, 2025

ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਪਿੰਡ-ਪਿੰਡ ਨਸ਼ਾ ਮੁਕਤੀ ਯਾਤਰਾ ਨੇ ਫੜੀ ਰਫ਼ਤਾਰ ਕਿਹਾ, ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਲਹਿਰ ਹੁਣ ਆਪਣੀਆਂ ਸ਼ਿਖਰਾਂ ‘ਤੇ ਨਾਭਾ/ਪਟਿਆਲਾ, 25 ਮਈ : ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ "ਨਸ਼ਾ ਮੁਕਤੀ ਯਾਤਰਾ" ਦਿਨੋਂ ਦਿਨ ਰਫ਼ਤਾਰ ਫੜ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਰੋਜ਼ਾਨਾ ਪਟਿਆਲਾ ਦੇ ਪਿੰਡਾਂ ਵਿੱਚ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾ ਰਹੇ ਹਨ । ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਰਾਮਗੜ੍ਹ ਛੰਨਾ, ਲਲੌਂਦਾ, ਲਬਾਣਾ ਟਿੱਕੂ, ਘਮਰੌਦਾ, ਕੈਦਪੁਰ ਦੇ ਦੌਰੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਪੰਜਾਬੀ ਨੂੰ ਇਸ ਯਾਤਰਾ ਦਾ ਹਿੱਸਾ ਬਣ ਕੇ ਨਸ਼ਿਆਂ ਖਿਲਾਫ਼ ਲੜਾਈ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਦੀ ਲਹਿਰ ਹੁਣ ਆਪਣੀਆਂ ਸ਼ਿਖਰਾਂ ‘ਤੇ ਹੈ । ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨਸ਼ਾ ਕਰਨ ਵਾਲਿਆਂ 'ਤੇ ਨਿਗਰਾਨੀ ਰੱਖਣ ਅਤੇ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਸਬੰਧੀ ਕੋਈ ਵੀ ਜਾਣਕਾਰੀ ਪੁਲਿਸ ਜਾਂ ਕਮੇਟੀ ਮੈਂਬਰਾਂ ਨੂੰ ਦੇਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਵਟਸਐਪ ਹੈਲਪਲਾਈਨ 97791-00200 ਵੀ ਇਸ ਲਈ ਉਪਲਬਧ ਹੈ । ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਲਈ ਇਲਾਜ ਦੇ ਨਾਲ-ਨਾਲ ਸਰਕਾਰ ਵੱਲੋਂ ਕਿੱਤਾ ਮੁਖੀ ਕੋਰਸਾਂ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਉਹ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ। ਇਸ ਸਮਾਗਮ ਵਿੱਚ ਪਿੰਡਾਂ ਦੇ ਪੰਚ ,ਸਰਪੰਚ ਤੇ ਪਿੰਡ ਵਾਸੀਆਂ ਦੀ ਵੱਡੀ ਹਾਜ਼ਰੀ ਰਹੀ ।