post

Jasbeer Singh

(Chief Editor)

Patiala News

ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕੀਤਾ ਥਾਪਰ ਇੰਸਟੀਚਿਊਟ ਦਾ ਦੌਰਾ

post-img

ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕੀਤਾ ਥਾਪਰ ਇੰਸਟੀਚਿਊਟ ਦਾ ਦੌਰਾ ਕਿਹਾ, ਜ਼ੀਰੋ ਵੇਸਟ ਸ਼ਹਿਰ-ਪਟਿਆਲਾ ਬਣੇਗਾ ਮਾਡਲ ਪਟਿਆਲਾ 31 ਮਈ : ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਥਾਪਰ ਮਾਡਲ ਨੂੰ ਹੋਰ ਪਿੰਡਾਂ ਵਿੱਚ ਵਧਾਉਣ ਲਈ ਜੁਟੀ ਹੋਈ ਹੈ ਤਾਂ ਜੋ ਪਾਣੀ ਸਬੰਧੀ ਸਮੱਸਿਆਵਾ ਦਾ ਪੱਕਾ ਤੇ ਟਿਕਾਊ ਹੱਲ ਲੱਭਿਆ ਜਾ ਸਕੇ । ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਅੱਜ ਥਾਪਰ ਇੰਜੀਨੀਅਰਿੰਗ ਅਤੇ ਤਕਨੀਕ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚੇ ਹੋਏ ਸਨ। ਇਸ ਦੌਰਾਨ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ , ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰੌ; ਪਦਮਕੁਮਾਰ ਨਾਇਅਰ, ਡਿਪਟੀ ਡਾਇਰੈਕਟਰ ਪ੍ਰੋ: ਅਜੇ ਬਾਤਿਸ਼, ਰਜਿਸਟਰਾਰ ਡਾ: ਗੁਰਬਿੰਦਰ ਸਿੰਘ ਅਤੇ ਡੀਨ ਪ੍ਰੋ: ਸਿੱਧਿਕ ਸਮੇਤ ਖੋਜਾਰਥੀਆਂ ਦੀ ਵਿਸ਼ੇਸ਼ ਟੀਮ ਨੇ ਭਾਗ ਲਿਆ। ਇਸ ਮੌਕੇ ਪ੍ਰੋ: ਅਮਿਤ ਧੀਰ ਵੱਲੋਂ ਪਿੰਡਾਂ ਦੇ ਪੋਖਰਾਂ ਵਿੱਚ ਗੰਦੇ ਪਾਣੀ ਲਈ ਵਿਕਸਿਤ ਕੀਤਾ ਗਿਆ ਥਾਪਰ ਮਾਡਲ ਪੇਸ਼ ਕੀਤਾ ਗਿਆ। ਇਸ ਮਾਡਲ ਰਾਹੀਂ ਘੱਟ ਲਾਗਤ ‘ ਤੇ ਘੱਟ ਉਰਜਾ ਦੀ ਵਰਤੋਂ ਕਰਕੇ ਪਾਣੀ ਨੂੰ ਸਾਫ਼ ਕਰਕੇ ਖੇਤੀ ਜਾਂ ਹੋਰ ਵਰਤੋਂ ਯੋਗ ਬਣਾਇਆ ਜਾ ਰਿਹਾ ਹੈ । ਪ੍ਰੋ: ਕਰਨ ਵਰਮਾ ਵੱਲੋਂ ਖੇਤੀਬਾੜੀ ਵਿੱਚ ਪਾਣੀ ਦੀ ਬਚਤ ਕਰਨ ਲਈ ਉਹਨਾਂ ਵੱਲੋਂ ਨਵੀਨ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ ਜੋ ਖੇਤੀ ਨੂੰ ਹੋਰ ਕੁਸ਼ਲ ਬਣਾਉਣ ਵਿੱਚ ਸਹਾਇਕ ਹਨ। ਇਸ ਉਪਰੰਤ ਪ੍ਰੋ: ਅਨੂਪ ਵਰਮਾ ਵੱਲੋਂ ਤਿਆਰ ਕੀਤਾ ਗਿਆ ਜ਼ੀਰੋ ਵੇਸਟ ਕੈਂਪਸ ਮਾਡਲ ਪੇਸ਼ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਇਕ ਅਜਿਹਾ ਤਰੀਕਾ ਹੈ ਜੋ ਕੂੜੇ ਕਰਕਟ ਨੂੰ ਸਹੀ ਢੰਗ ਨਾਲ ਸੰਭਾਲਣ ਲਈ ਬਣਾਇਆ ਗਿਆ ਹੈ । ਉਹਨਾਂ ਦੱਸਿਆ ਕਿ ਇਸ ਮਾਡਲ ਵਿੱਚ ਕੂੜੇ ਨੂੰ ਵੱਖ-ਵੱਖ ਕਰਨਾ, ਖਾਦ ਬਣਾਉਣਾ , ਦੁਬਾਰਾ ਵਰਤਣਾ ਅਤੇ ਲੋਕਾਂ ਦੀ ਭਾਗੀਦਾਰੀ ਸਾਮਲ ਹੈ, ਜਿਸ ਨਾਲ ਲੈਂਡਫਿਲ ਵਿੱਚ ਜਾਣ ਵਾਲਾ ਕੂੜਾ ਘੱਟ ਹੁੰਦਾ ਹੈ ਅਤੇ ਇਹ ਮਾਡਲ ਥਾਪਰ ਸੰਸਥਾਨ ਵਿੱਚ ਕਾਮਯਾਬੀ ਨਾਲ ਲਾਗੂ ਕੀਤਾ ਗਿਆ ਅਤੇ ਹੁਣ 95 ਫੀਸਦੀ ਤੋਂ ਵੱਧ ਕੂੜਾ ਲੈਂਡਫਿਲ ਵਿੱਚ ਜਾਣ ਦੀ ਬਜਾਏ ਹੋਰ ਲਾਹੇਵੰਦ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸਮੁੱਚੀ ਟੀਮ ਦੀ ਬਹੁਤ ਸ਼ਲਾਘਾ ਕੀਤੀ । ਯੂਨੀਵਰਸਿਟੀ ਦੇ ਵਿਦਵਾਨ ਅਧਿਆਪਕਾਂ ਅਤੇ ਖੋਜਾਰਥੀਆਂ ਦੀ ਟੀਮ ਨੇ ਆਪਣੇ ਖੋਜ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਸ ਮਾਡਲ ਦੀ ਕਾਮਯਾਬੀ ਮਿਊਂਸੀਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਇਸ ਨੂੰ ਸ਼ਹਿਰ ਦੇ ਕਈ ਵਾਰਡਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।

Related Post