post

Jasbeer Singh

(Chief Editor)

Patiala News

ਸਿਹਤ ਮੰਤਰੀ ਵਲੋਂ ਪਟਿਆਲਾ ਜ਼ਿਲ੍ਹੇ ’ਚ ਵਾਇਰਸ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਜਾਇਜ਼ਾ

post-img

ਸਿਹਤ ਮੰਤਰੀ ਵਲੋਂ ਪਟਿਆਲਾ ਜ਼ਿਲ੍ਹੇ ’ਚ ਵਾਇਰਸ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਜਾਇਜ਼ਾ -ਪਟਿਆਲਾ ’ਚ ਬੌਣਾ ਵਾਇਰਸ ਨਾਲ 8 ਹਜ਼ਾਰ ਏਕੜ ਝੋਨਾ ਖਰਾਬ ਹੋਇਆ : ਡਾ. ਬਲਬੀਰ ਸਿੰਘ -ਪੀ. ਆਰ. 131, 132, 114 ਕਿਸਮਾਂ ਵੱਧ ਪ੍ਰਭਾਵਿਤ ਕਿਸਾਨਾਂ ਨੂੰ ਖੇਤਾਂ ਚੋਂ ਖੜ੍ਹੇ ਪਾਣੀ ਦੀ ਨਿਕਾਸੀ, ਜ਼ਿੰਕ ਵਰਤਣ ਤੇ ਟਿੱਡੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਲਾਹ -ਕਿਹਾ, ਦੋਹਰੀ ਮਾਰ ਝੱਲਣ ਵਾਲੇ ਕਿਸਾਨਾਂ ਦੀ ਸਾਰ ਲੈ ਰਹੀ ਪੰਜਾਬ ਸਰਕਾਰ  ਪਟਿਆਲਾ, ਭਾਦਸੋਂ, 20 ਸਤੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਟੀਮ ਨਾਲ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਲੰਗ, ਲਚਕਾਣੀ, ਨਵਾਂ ਫਤਿਹਪੁਰ, ਬਖ਼ਸ਼ੀਵਾਲਾ, ਦੰਦਰਾਲਾ ਖੁਰਦ, ਲੌਟ, ਆਲੋਵਾਲ ਅਤੇ ਸਿੱਧੂਵਾਲ ਦਾ ਦੌਰਾ ਕਰਕੇ ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ  (ਬੌਣਾ ਵਾਇਰਸ) ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਨਿਰੀਖਣ ਕੀਤਾ । ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਉਨ੍ਹਾਂ ਕਿਹਾ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਫ਼ਸਲ ਸਬੰਧੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਗਈ ਹੈ ਤਾਂ ਜੋ ਇਸ ਦਾ ਢੁਕਵਾਂ ਹੱਲ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਲਗਭਗ 8 ਹਜ਼ਾਰ ਏਕੜ ਝੋਨੇ ਦੀ ਫ਼ਸਲ ਇਸ ਵਾਇਰਸ ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੂੰ ਹਦਾਇਤ ਕੀਤੀ ਕਿ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ ਅਤੇ ਫ਼ੌਰੀ ਰਾਹਤ ਲਈ ਕਦਮ ਚੁੱਕੇ ਜਾਣ ਤਾਂ ਜੋ ਵਾਇਰਸ ਹੋਰ ਨਾ ਫੈਲੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਤੇ ਫ਼ਸਲਾਂ ‘ਤੇ ਵਾਇਰਸ ਦੀ ਦੋਹਰੀ ਮਾਰ ਝੱਲਣ ਵਾਲੇ ਕਿਸਾਨਾਂ ਦੀ ਸਾਰ ਲੈਣ ਲਈ ਵਚਨਬੱਧ ਹੈ । ਖੇਤੀਬਾੜੀ ਵਿਭਾਗ ਦੇ ਮਾਹਰਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਸ ਵਾਰ 25 ਜੂਨ ਤੋਂ ਪਹਿਲਾਂ ਲਗਾਏ ਗਏ ਝੋਨੇ ਖ਼ਾਸ ਕਰਕੇ ਪੀਆਰ 131, ਪੀ. ਆਰ. 132 ਅਤੇ ਪੀ. ਆਰ. 114 ਵਰਗੀਆਂ ਕਿਸਮਾਂ, ਇਸ ਬਿਮਾਰੀ ਨਾਲ ਵੱਧ ਪ੍ਰਭਾਵਿਤ ਹੋਈਆਂ ਹਨ । ਝੂਠੀ ਕਾਂਗਿਆਰੀ ਤੋਂ ਪ੍ਰਭਾਵਿਤ ਬੂਟੇ ਬੌਣੇ (ਮਧਰੇ) ਰਹਿ ਜਾਂਦੇ ਹਨ, ਠੀਕ ਤਰ੍ਹਾਂ ਵਧ ਨਹੀਂ ਸਕਦੇ ਅਤੇ ਉਨ੍ਹਾਂ ਵਿੱਚ ਦਾਣਾ ਨਹੀਂ ਬਣਦਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਵੱਧ ਬਰਸਾਤ ਅਤੇ ਨਮੀ ਕਾਰਨ ਵਾਇਰਸ ਤੇ ਹਲਦੀ ਰੋਗ ਦੇ ਫੈਲਾਅ ਵਿੱਚ ਵਾਧਾ ਹੋਇਆ ਹੈ । ਕਿਸਾਨਾਂ ਨੂੰ ਤੁਰੰਤ ਕਦਮ ਚੁੱਕਣ ਲਈ ਸਲਾਹ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਹਰਾਂ ਨੇ ਖੇਤਾਂ ਵਿਚੋਂ ਵੱਧ ਪਾਣੀ ਕੱਢਣ, ਜ਼ਿੰਕ ਦੀ ਖ਼ੁਰਾਕ ਦੇਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ’ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਹੈ ਕਿਉਂਕਿ ਇਹ ਕੀੜਾ ਵਾਇਰਸ ਨੂੰ ਸਿਹਤਮੰਦ ਪੌਦਿਆਂ ਵਿੱਚ ਫੈਲਾਉਂਦਾ ਹੈ ਜੋ ਹਵਾ ਨਾਲ ਅੱਗੇ ਵਧਦਾ ਹੈ । ਡਾ. ਬਲਬੀਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਹਾਲਾਤਾਂ ਤੋਂ ਜਾਣੂ ਹੈ ਅਤੇ ਨੁਕਸਾਨ ਨੂੰ ਘਟਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ । ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਮੇਂ ’ਤੇ ਖੇਤੀ ਮਾਹਰਾਂ ਦੀ ਸਲਾਹ ਲੈਣਾ ਜ਼ਰੂਰੀ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਮੇਂ ਸਿਰ ਵਧਣ ਤੋਂ ਰੋਕਿਆ ਜਾ ਸਕੇ । ਇਸ ਮੌਕੇ ਮੁੱਖ ਖੇਤੀ ਅਫ਼ਸਰ ਡਾ. ਜਸਵਿੰਦਰ ਸਿੰਘ, ਖੇਤੀ ਅਧਿਕਾਰੀ ਗੁਰਮੀਤ ਸਿੰਘ, ਖੇਤੀ ਵਿਕਾਸ ਅਧਿਕਾਰੀ ਰਸਪਿੰਦਰ ਸਿੰਘ, ਖੇਤੀ ਵਿਸਥਾਰ ਅਧਿਕਾਰੀ ਰਵਿੰਦਰ ਸਿੰਘ ਚੱਠਾ, ਜਸਵਿੰਦਰ ਗਾਂਧੀ, ਜੈ ਸ਼ੰਕਰ, ਸਰਪੰਚ ਸੰਜੀਵ ਰਾਏ ਅਤੇ ਸੁਰੇਸ਼ ਰਾਏ ਮੌਜੂਦ ਸਨ ।

Related Post