
ਸਿਹਤ ਮੰਤਰੀ ਨੇ ਡਾਇਰੀਆ ਪ੍ਰਭਾਵਿਤ ਅਲੀਪੁਰ ਅਰਾਈਆਂ 'ਚ ਜਾ ਕੇ ਲਿਆ ਸਥਿਤੀ ਦਾ ਜਾਇਜ਼ਾ
- by Jasbeer Singh
- July 12, 2025

ਸਿਹਤ ਮੰਤਰੀ ਨੇ ਡਾਇਰੀਆ ਪ੍ਰਭਾਵਿਤ ਅਲੀਪੁਰ ਅਰਾਈਆਂ 'ਚ ਜਾ ਕੇ ਲਿਆ ਸਥਿਤੀ ਦਾ ਜਾਇਜ਼ਾ -ਅਲੀਪੁਰ ਅਰਾਈਆਂ ਵਿਖੇ ਲੋਕਾਂ ਦੇ ਪੀਣ ਲਈ ਟੈਂਕਰ ਰਾਹੀਂ ਕੀਤੀ ਜਾ ਰਹੀ ਹੈ ਪਾਣੀ ਦੀ ਸਪਲਾਈ : ਡਾ. ਬਲਬੀਰ ਸਿੰਘ -ਸਿਹਤ ਮੰਤਰੀ ਵੱਲੋਂ ਮੌਕੇ 'ਤੇ ਕਰਵਾਇਆ ਗਿਆ ਕਲੋਰੀਨ ਟੈਸਟ -ਕਿਹਾ, ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਹੌਟ ਸਪੌਟ ਖੇਤਰਾਂ ਦੀ ਲਗਾਤਾਰ ਕੀਤੀ ਜਾ ਰਹੀ ਹੈ ਮੋਨੀਟਰਿੰਗ -ਬਰਸਾਤੀ ਮੌਸਮ 'ਚ ਇਹਤਿਆਤ ਵਜੋਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਵਰਤਿਆ ਜਾਵੇ : ਡਾ. ਬਲਬੀਰ ਸਿੰਘ -ਅਲੀਪੁਰ ਅਰਾਈਆਂ 'ਚ ਘਰ-ਘਰ ਸਰਵੇ ਜਾਰੀ ਪਟਿਆਲਾ, 12 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਉਲਟੀਆਂ ਤੇ ਦਸਤ ਰੋਗ ਨਾਲ ਪ੍ਰਭਾਵਿਤ ਰਹੇ ਅਲੀਪੁਰ ਅਰਾਈਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਥਾਨਕ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਲਈ ਨਗਰ ਨਿਗਮ ਵੱਲੋਂ ਲਿਆਂਦੇ ਜਾ ਰਹੇ ਟੈਂਕਰਾਂ ਦੇ ਪਾਣੀ ਦੀ ਹੀ ਵਰਤੋਂ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਵੀ ਮੌਜੂਦ ਸਨ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਉਲਟੀਆਂ ਤੇ ਦਸਤ ਰੋਗ ਦੇ ਸਾਹਮਣੇ ਆਏ ਮਾਮਲੇ ਹਲਕੇ ਲੱਛਣਾਂ ਵਾਲੇ ਸਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਨ ਦੀ ਵੀ ਲੋੜ ਨਹੀਂ ਸੀ ਪਰ ਸਿਹਤ ਵਿਭਾਗ ਵੱਲੋਂ 24 ਘੰਟੇ ਇਨ੍ਹਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਲੀਪੁਰ ਅਰਾਈਆਂ ਵਿਖੇ ਮੈਡੀਕਲ ਸਟਾਫ਼ ਸਮੇਤ ਐਬੂਲੈਂਸ ਪੱਕੇ ਤੌਰ 'ਤੇ ਤਾਇਨਾਤ ਹੈ ਤੇ ਹੁਣ ਸਥਿਤੀ ਕਾਬੂ ਹੇਠ ਹੈ। ਇਸ ਮੌਕੇ ਉਨ੍ਹਾਂ ਲੋਕਾਂ ਦੇ ਘਰਾਂ ਦੇ ਪਾਣੀ ਦਾ ਕਲੋਰੀਨ ਟੈਸਟ ਵੀ ਕਰਵਾਇਆ ਜੋ ਕਿ ਠੀਕ ਪਾਇਆ ਗਿਆ। ਸਿਹਤ ਮੰਤਰੀ ਨੇ ਸਥਾਨਕ ਵਾਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਥੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜੋ ਕਿ ਪੀਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ, ਇਸ ਲਈ ਲੋਕ ਪੀਣ ਲਈ ਨਗਰ ਨਿਗਮ ਵੱਲੋਂ ਟੈਂਕਰ ਰਾਹੀਂ ਸਪਲਾਈ ਕੀਤੇ ਜਾਂਦੇ ਪਾਣੀ ਦੀ ਵਰਤੋਂ ਕਰਨ ਜਦਕਿ ਕੱਪੜੇ ਧੋਣ ਜਾ ਫੇਰ ਹੋਰ ਕੰਮਾਂ ਲਈ ਦੂਸਰੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਇਹਤਿਆਤ ਵਜੋਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾ ਫੇਰ ਕਲੋਰੀਨ ਦੀਆਂ ਗੋਲੀਆਂ ਵਾਲਾ ਪਾਣੀ ਹੀ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿਛਲੇ ਸਾਲਾਂ ਦੌਰਾਨ ਹੌਟ ਸਪੌਟ ਰਹੇ ਸਾਰੇ ਖੇਤਰਾਂ ਦੇ ਪਾਣੀ ਦੇ ਨਮੂਨੇ ਲੈਕੇ ਟੈਸਟ ਕਰਵਾਏ ਜਾ ਰਹੇ ਹਨ ਤੇ ਪਾਣੀ ਵਿੱਚ ਕਲੋਰੀਨ ਵੀ ਪਾਈ ਜਾ ਰਹੀ ਹੈ । ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ ਤੇ ਨਗਰ ਨਿਗਮ ਵੱਲੋਂ ਸਾਰੀ ਸੀਵਰੇਜ ਲਾਈਨ ਦੇ ਮੈਨਹੋਲਾਂ ਦਾ ਨਿਰੀਖਣ ਕਰਕੇ ਪਾਣੀ ਦੀ ਪਾਈਪ ਲਾਈਨ ਦੀ ਚੈਕਿੰਗ ਕਰਕੇ ਨੁਕਸ ਲੱਭਕੇ ਉਨ੍ਹਾਂ ਨੂੰ ਠੀਕ ਕਰਨ ਦੀ ਪ੍ਰਕ੍ਰਿਆ ਕੀਤੀ ਗਈ ਹੈ । ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅਲੀਪੁਰ ਅਰਾਈਆਂ ਇਲਾਕੇ ਵਿੱਚ ਸਿਹਤ ਟੀਮਾਂ ਵੱਲੋਂ ਘਰ-ਘਰ ਸਰਵ ਕੀਤਾ ਜਾ ਰਿਹਾ ਹੈ ਤੇ ਪਿਛਲੇ 12 ਘੰਟਿਆਂ 'ਚ 1 ਨਵਾਂ ਮਰੀਜ ਆਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁਲ 138 ਕੇਸ ਅਲੀਪੁਰ ਅਰਾਈਆਂ ਵਿਖੇ ਆਏ ਹਨ ਤੇ ਕੇਵਲ ਤਿੰਨ ਮਰੀਜ ਦਾਖਲ ਹਨ । ਇਸ ਮੌਕੇ ਏ. ਡੀ. ਸੀ. ਨਵਰੀਤ ਕੌਰ ਸੇਖੋਂ ਤੇ ਡਾ. ਸੁਮਿਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।