
ਸਿਹਤ ਮੰਤਰੀ ਨੇ ਡਾਈਰੀਆ ਪੀੜਤ ਪਿੰਡ ‘ ਚ ਜਾ ਕੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਲਿਆ ਹਾਲਾਤਾਂ ਦਾ ਜਾਇਜ਼ਾ
- by Jasbeer Singh
- July 7, 2025

ਸਿਹਤ ਮੰਤਰੀ ਨੇ ਡਾਈਰੀਆ ਪੀੜਤ ਪਿੰਡ ‘ ਚ ਜਾ ਕੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਲਿਆ ਹਾਲਾਤਾਂ ਦਾ ਜਾਇਜ਼ਾ ਡਾਈਰੀਆ ਰੋਕਥਾਮ ਲਈ ਸਖ਼ਤ ਕਦਮ, ਸਿਹਤ ਮੰਤਰੀ ਨੇ ਦਿੱਤੀਆਂ ਤਤਕਾਲ ਹਦਾਇਤਾਂ, ਮੁਫ਼ਤ ਇਲਾਜ ਜਾਰੀ ਪਟਿਆਲਾ 7 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਵਿਖੇ ਪਿੰਡ ਵਿੱਚ 56 ਡਾਇਰੀਆ ਦੇ ਕੇਸਾਂ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਦੀ ਹਾਲਤ ਬਾਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਨਾਲ ਪਹੁੰਚੇ । ਉਹਨਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਮਰੀਜਾਂ ਅਤੇ ਉਨਾਂ ਦੇ ਪਰਿਵਾਰਾਂ ਦੇ ਨਾਲ ਚੱਟਾਨ ਵਾਂਗ ਖੜੀ ਹੈ। ਉਹਨਾਂ ਕਿਹਾ ਕਿ ਡਾਇਰੀਆ ਦੀ ਰੋਕਥਾਮ ਲਈ ਉਹ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ । ਡਾ . ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਡਾਇਰੀਆ ਦੇ ਫੈਲਾਅ ਨੂੰ ਰੋਕਣ ਲਈ ਫੌਰੀ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਉਹਨਾਂ ਕਿਹਾ ਕਿ ਬਿਮਾਰ ਮਰੀਜਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਿੱਚ ਡਿਸਪੈਂਸਰੀਆਂ ਵੀ ਖੋਲੀਆਂ ਗਈਆਂ ਹਨ ਜਿੱਥੇ ਓ.ਆਰ.ਐਸ., ਐਂਟੀਬਾਇਓਟਿਕ ਦਵਾਈਆਂ ਅਤੇ ਕਲੋਰੀਨ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਡਾ . ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਦਸਤ, ਉਲਟੀ ਜਾਂ ਕਮਜ਼ੋਰੀ ਮਹਿਸੂਸ ਹੋਵੇ ਤਾਂ ਉਹ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਪਹੁੰਚਣ ਜਿੱਥੇ ਸਰਕਾਰ ਵੱਲੋਂ 24 ਘੰਟੇ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਅਤੇ ਇਲਾਜ ਵੀ ਫਰੀ ਹੈ। ਉਹਨਾਂ ਕਿਹਾ ਕਿ ਸਿਹਤ ਟੀਮ ਵੱਲੋਂ ਲਗਾਤਾਰ ਪਾਣੀ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਜਾਣਕਾਰੀ ਦਿੱਤੀ ਕਿ ਪਿੰਡ ਵਿੱਚ 56 ਮਾਮਲੇ ਸਾਹਮਣੇ ਆਏ ਹਨ ਅਤੇ ਸਿਹਤ ਵਿਭਾਗ ਤਿੰਨ ਦਿਨਾਂ ਤੋਂ ਪਿੰਡ ਵਿੱਚ ਮੈਡੀਕਲ ਕੈਂਪ ਚਲਾ ਰਿਹਾ ਹੈ, ਜਿਸ ਰਾਹੀਂ ਲੋਕਾਂ ਨੂੰ ਇਲਾਜ ਅਤੇ ਜਾਗਰੁਕਤਾ ਦੋਵੇਂ ਦਿੱਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਨਗਰ ਨਿਗ਼ਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲੀਆਂ ਅਤੇ ਨਾਲਿਆਂ ਦੀ ਤੁੰਰਤ ਸਫ਼ਾਈ ਕਰਵਾਈ ਜਾਵੇ। ਉਹਨਾਂ ਲੋਕਾਂ ਨੂੰ ਵੀ ਕਿਹਾ ਕਿ ਗੈਰ ਕਾਨੂੰਨੀ ਕੂਨੈਕਸ਼ਨ ਨਾ ਕਰਵਾਏ ਜਾਣ ਜਿਸ ਕਾਰਨ ਪੀਣ ਵਾਲੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ । ਉਹਨਾਂ ਉਬਾਲ ਕੇ ਸਾਫ਼ ਸੁਥਰਾ ਪਾਣੀ ਪੀਣ ਅਤੇ ਇਲਾਕੇ ਦੀ ਸਫ਼ਾਈ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ, ਜਸਵੀਰ ਗਾਂਧੀ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪਤਨੀ ਸਿਮਰਜੀਤ ਕੌਰ ਪਠਾਨਮਾਜਰਾ, ਏ.ਡੀ.ਸੀ. ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਸਿਵਲ ਸਰਜਨ ਡਾ: ਜਗਪਾਲਇੰਦਰ ਸਿੰਘ, ਐਸ.ਐਮ.ਓ ਡਾ: ਨਾਗਰਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸੁਮੀਤ ਸਿੰਘ , ਦਿਵਜੋਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.