ਸੰਸਦ ਮੈਂਬਰ ਕੰਗਣਾ ਰਣੌਤ ਦੇ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ ਬਠਿੰਡਾ, 8 ਅਪ੍ਰੈਲ 2026 : ਬਠਿੰਡਾ ਦੀ ਅਦਾਲਤ `ਚ ਸੰਸਦ ਮੈਂਬਰ ਕੰਗਣਾ ਰਣੌਤ ਵਿਰੁੱਧ ਮਾਣਹਾਨੀ ਮਾਮਲੇ `ਚ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ । ਕੀ ਕਾਰਨ ਸੁਣਵਾਈ ਮੁਲਤਵੀ ਹੋਣ ਦਾ ਪਤਾ ਲੱਗਾ ਹੈ ਕਿ ਜੱਜ ਛੁੱਟੀ `ਤੇ ਹੋਣ ਕਾਰਨ ਸੁਣਵਾਈ ਨਹੀਂ ਹੋ ਸਕੀ । ਮਾਤਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਦੋ ਗਵਾਹਾਂ ਸੁਰਜੀਤ ਸਿੰਘ ਫੂਲ ਅਤੇ ਗੁਰਪ੍ਰੀਤ ਸਿੰਘ ਦੀ ਗਵਾਹੀ ਅਦਾਲਤ `ਚ ਦਰਜ ਕੀਤੀ ਜਾਣੀ ਸੀ ਪਰ ਜੱਜ ਦੀ ਛੁੱਟੀ ਕਾਰਨ ਗਵਾਹੀ ਪੂਰੀ ਨਹੀਂ ਹੋ ਸਕੀ । ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਦੇ ਪਾਸਪੋਰਟ ਨੂੰ ਜ਼ਬਤ ਕਰਨ ਸਬੰਧੀ ਅਦਾਲਤ `ਚ ਅਰਜ਼ੀ ਵੀ ਦਾਇਰ ਕੀਤੀ ਸੀ, ਜਿਸਦੀ ਸੁਣਵਾਈ ਵੀ ਹੋਣੀ ਸੀ ਪਰ ਜੱਜ ਦੀ ਛੁੱਟੀ ਕਾਰਨ ਸੁਣਵਾਈ ਨਹੀਂ ਹੋ ਸਕੀ । ਹੁਣ ਕਦੋਂ ਹੋਵੇਗੀ ਅਗਲੀ ਸੁਣਵਾਈ ਅਗਲੀ ਸੁਣਵਾਈ ਦੀ ਮਿਤੀ 28 ਅਪ੍ਰੈਲ ਨਿਰਧਾਰਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿੱਲੀ `ਚ ਕਿਸਾਨ ਅੰਦੋਲਨ ਦੌਰਾਨ ਸੰਸਦ ਮੈਂਬਰ ਕੰਗਣਾ ਰਣੌਤ ਨੇ ਮਾਤਾ ਮਹਿੰਦਰ ਕੌਰ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਅਦਾਲਤ `ਚ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਗਿਆ ਸੀ, ਜੋ ਇਸ ਸਮੇਂ ਸੁਣਵਾਈ ਅਧੀਨ ਹੈ।
