post

Jasbeer Singh

(Chief Editor)

Patiala News

ਕਣਕ ਦੀਆਂ ਬੱਲਾਂ ਤੇ ਗੜੇਮਾਰੀ ਦੀ ਮਾਰ ਨਾਲ ਫਸਲਾਂ ਦਾ ਹੋਇਆ ਭਾਰੀ ਨੁਕਸਾਨ

post-img

ਕਣਕ ਦੀਆਂ ਬੱਲਾਂ ਤੇ ਗੜੇਮਾਰੀ ਦੀ ਮਾਰ ਨਾਲ ਫਸਲਾਂ ਦਾ ਹੋਇਆ ਭਾਰੀ ਨੁਕਸਾਨ -ਇਸ ਦੁੱਖ ਦੀ ਘੜੀ ਵਿੱਚ ਸਰਕਾਰ ਕਿਸਾਨਾਂ ਨੂੰ ਜਲਦ ਮੁਆਵਜ਼ਾ ਜਾਰੀ ਕਰੇ :- ਜਗਦੀਪ ਸਿੰਘ ਅਲੂਣਾ ਘਨੌਰ, 3 ਮਾਰਚ : ਬੀਤੇ ਦਿਨੀਂ ਹੋਈ ਬਰਸਾਤ ਅਤੇ ਗੜੇਮਾਰੀ ਨੇ ਵੱਖ ਵੱਖ ਏਰੀਏ ਦੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕਿਸਾਨਾਂ ਦੀ ਸਾਰ ਲੈਣ ਲਈ ਅੱਜ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਅਲੂਣਾ ਦੀ ਅਗਵਾਈ ਹੇਠ ਜ਼ਿਲ੍ਹਾ ਅਤੇ ਬਲਾਕ ਕਮੇਟੀ ਨੇ ਹਲਕਾ ਘਨੌਰ ਅਧੀਨ ਆਉਂਦੇ ਪਿੰਡ ਜਿਥੇ ਬਰਸਾਤ ਅਤੇ ਗੜੇਮਾਰੀ ਨੇ ਫਸਲਾਂ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਆਪਣੀਆਂ ਮੰਗਾਂ ਨੂੰ ਲੈਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੈਠੇ ਹਨ। ਪਰ ਬੀਤੇ ਦਿਨੀਂ ਹੋਈ ਬਰਸਾਤ ਅਤੇ ਭਾਰੀ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰਕੇ ਰੱਖ ਦਿੱਤਾ । ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਜਗਦੀਪ ਸਿੰਘ ਅਲੂਣਾ ਨੇ ਦੱਸਿਆ ਕਿ ਪਿੰਡ ਮੰਜੌਲੀ, ਕਮਾਲਪੁਰ, ਸਰਾਲਾ, ਪੁਰਮੰਡੀ ਆਦਿ ਇਨ੍ਹਾਂ ਪਿੰਡਾਂ ਦੇ ਨਾਲ ਲੱਗਦੇ ਏਰੀਏ ਵਿੱਚ ਹੋਈ ਗੜੇਮਾਰੀ ਦੀ ਮਾਰ ਫਸਲਾਂ ਤੇ ਦੇਖਣ ਨੂੰ ਮਿਲ ਰਹੀ ਹੈ। ਜਿਥੇ ਮੋਟੇ ਗੜਿਆਂ ਨੇ ਕਣਕ ਦੀਆਂ ਬੱਲਾਂ ਨੂੰ ਝਾੜ ਕੇ ਰੱਖ ਦਿੱਤਾ, ਜਿਸ ਨਾਲ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਅਤੇ ਇਹਨਾਂ ਪਿੰਡਾਂ ਵਿੱਚ ਪਸ਼ੂਆਂ ਲਈ ਹਰਾ ਚਾਰਾ ਵੀ ਬੁਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ । ਇਸ ਮੌਕੇ ਬਖਸੀਸ ਸਿੰਘ ਹਰਪਾਲਪੁਰ ਬਲਾਕ ਪ੍ਰਧਾਨ ਘਨੌਰ, ਯੂਥ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੀਲ, ਬਲਾਕ ਪ੍ਰੈੱਸ ਸਕੱਤਰ ਸਤਪਾਲ ਸਿੰਘ ਮਹਿਮੁਦਪੁਰ ਜੱਟਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਹੋਏ ਨੁਕਸਾਨ ਤੋਂ ਬਾਅਦ ਵੀ ਅਜੇ ਤੱਕ ਸਰਕਾਰ ਦਾ ਨੁਮਾਇੰਦਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਪਿੰਡਾਂ ਵਿੱਚ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ । ਉਨ੍ਹਾਂ ਕਿਹਾ ਕਿ ਕਿਸਾਨ ਹਿਤਾਇਸੀ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਹੋਏ ਇਸ ਨੁਕਸਾਨ ਨਾਲ ਕੋਈ ਹਮਦਰਦੀ ਦਿਖਾਈ ਨਹੀਂ ਦੇ ਰਹੀ । ਉਕਤ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੰਦਿਆਂ ਕਿਹਾ ਕਿ ਤੁਰੰਤ ਇਸ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਢੁਕਵੀਂ ਮੁਆਵਜ਼ਾ ਰਾਸ਼ੀ ਜਾਰੀ ਕਰੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੁਆਰਾ ਇਸ ਹੋਏ ਨੁਕਸਾਨ ਸੰਬੰਧੀ ਕਿਸਾਨਾਂ ਦੀ ਬਾਂਹ ਨਹੀਂ ਫੜੀ ਜਾਂਦੀ ਤਾਂ ਜਲਦ ਹੀ ਜਥੇਬੰਦੀ ਦੁਆਰਾ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਬਖਸੀਸ ਸਿੰਘ ਹਰਪਾਲਪੁਰ ਬਲਾਕ ਪ੍ਰਧਾਨ ਘਨੌਰ, ਯੂਥ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੀਲ, ਬਲਾਕ ਪ੍ਰੈੱਸ ਸਕੱਤਰ ਸਤਪਾਲ ਸਿੰਘ ਮਹਿਮੁਦਪੁਰ ਜੱਟਾਂ, ਜ਼ਿਲ੍ਹਾ ਸੰਗਠਨ ਸਕੱਤਰ ਬਲਜੀਤ ਸਿੰਘ ਲੋਚਮਾਂ, ਮੀਤ ਪ੍ਰਧਾਨ ਜਰਨੈਲ ਸਿੰਘ ਮੰਜੋਲੀ, ਇਕਾਈ ਪ੍ਰਧਾਨ ਹਰਭਜਨ ਸਿੰਘ ਮੰਜੋਲੀ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ ।

Related Post