
ਜ਼ਿਲ੍ਹੇ ਵਿੱਚ ਹੁਣ ਤੱਕ ਭਾਰੀ ਬਰਸਾਤਾਂ ਨੇ 2000 ਹੈਕਟੇਅਰ ਦੇ ਕਰੀਬ ਫ਼ਸਲ ਦਾ ਨੁਕਸਾਨ ਕੀਤਾ
- by Jasbeer Singh
- September 1, 2025

ਜ਼ਿਲ੍ਹੇ ਵਿੱਚ ਹੁਣ ਤੱਕ ਭਾਰੀ ਬਰਸਾਤਾਂ ਨੇ 2000 ਹੈਕਟੇਅਰ ਦੇ ਕਰੀਬ ਫ਼ਸਲ ਦਾ ਨੁਕਸਾਨ ਕੀਤਾ ਵੱਖ ਵੱਖ ਥਾਵਾਂ ਤੇ ਪਹੁੰਚ ਮਾਰਗ ਨੁਕਸਾਨੇ ਜਾਣ ਕਾਰਨ 7000 ਲੋਕ ਪ੍ਰਭਾਵਿਤ ਡੁੱਬਣ ਕਾਰਨ ਇੱਕ ਮੌਤ, ਬਰਸਾਤ ਕਾਰਨ ਇੱਕ ਕੱਚਾ ਘਰ ਡਿੱਗਿਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਸਤੰਬਰ 2025 : ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਸ਼ਾਮ ਇੱਥੇ ਦੱਸਿਆ ਕਿ ਜ਼ਿਲੇ ਵਿੱਚ ਭਾਰੀ ਬਰਸਾਤ ਅਤੇ ਚੋਆਂ ਵਿੱਚ ਆਏ ਪਾਣੀ ਕਾਰਨ ਹੁਣ ਤੱਕ ਜਿਲੇ ਦੇ ਕਰੀਬ 2000 ਹੈਕਟੇਅਰ ਖੇਤੀ ਰਕਬੇ ਨੂੰ ਨੁਕਸਾਨ ਪੁੱਜਿਆ ਹੈ । ਉਹਨਾਂ ਦੱਸਿਆ ਕਿ ਜਿਨਾਂ ਥਾਵਾਂ ਤੇ ਖੇਤੀ ਰਕਬੇ ਨੂੰ ਨੁਕਸਾਨ ਪੁਜਿਆ ਹੈ ਉਹਨਾਂ ਵਿੱਚ ਟਿਵਾਣਾ ਖਜੂਰ ਮੰਡੀ ਸਾਧਾਂਪੁਰ ਅਤੇ ਡੰਗ ਢੇਰਾ ਸ਼ਾਮਿਲ ਹਨ । ਉਹਨਾਂ ਦੱਸਿਆ ਕਿ ਖਰਾਬ ਹੋਏ ਰਕਬੇ ਦੀ ਜਲਦੀ ਹੀ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਜੋ ਸਰਕਾਰ ਨੂੰ ਇਸ ਬਾਰੇ ਰਿਪੋਰਟ ਭੇਜੀ ਜਾ ਸਕੇ । ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਚੋਆਂ ਵਿੱਚ ਭਰੇ ਪਾਣੀ ਕਾਰਨ ਪਿਛਲੇ ਦਿਨੀਂ ਲਾਲੜੂ ਦੇ ਇੱਕ ਕਿਸਾਨ ਦੀ ਮੌਤ ਹੋਣ ਦੀ ਸੂਚਨਾ ਹੈ । ਡਿਪਟੀ ਕਮਿਸ਼ਨਰ ਅਨੁਸਾਰ ਭਾਰੀ ਬਰਸਾਤ ਅਤੇ ਬਰਸਾਤੀ ਚੋਆਂ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਜਯੰਤੀ ਕੀ ਰਾਓ ਨਾਲ ਲੱਗਦੇ ਪੰਜ ਪਿੰਡਾਂ ਦੇ ਸੜਕੀ ਸੰਪਰਕ ਚ ਰੁਕਾਵਟ ਆਈ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ਤੇ ਸੜਕਾਂ ਦਾ ਅਤੇ ਕਾਜ ਦੇ ਦਾ ਨੁਕਸਾਨ ਹੋਇਆ ਹੈ ਜਿਸ ਬਾਰੇ ਰਿਪੋਰਟ ਸਰਕਾਰ ਨੂੰ ਭੇਜੀ ਜਾ ਰਹੀ ਹੈ। ਇਸ ਨਾਲ 7000 ਦੇ ਕਰੀਬ ਵਸੋਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ । ਉਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਦਿਨਾਂ ਵਿੱਚ ਬਰਸਾਤੀ ਚੋਆ ਅਤੇ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਅਤੇ ਕਾਜ ਦੇ ਉੱਤੋਂ ਪਾਣੀ ਵਹਿਣ ਦੀ ਸੂਰਤ ਵਿੱਚ ਉਥੋਂ ਬਿਲਕੁਲ ਵੀ ਨਦੀ ਨਾਲਾ ਪਾਰ ਨਾ ਕਰਨ । ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੁਖਨਾ ਚੋ ਅਤੇ ਘੱਗਰ ਵਿੱਚ ਪਾਣੀ ਦਾ ਵਹਾਅ ਆਮ ਹੈ ਅਤੇ ਖਤਰੇ ਤੋਂ ਬਾਹਰ ਹੈ। ਪ੍ਰਸ਼ਾਸਨ ਪੂਰੀ ਤਰਹਾਂ ਸਥਿਤੀ ਦੇ ਨੇੜਿਓ ਨਜ਼ਰ ਰੱਖ ਰਿਹਾ ਹੈ ਅਤੇ ਪ੍ਰਸ਼ਾਸਨਿਕ ਟੀਮਾਂ ਨੂੰ ਕਿਸੇ ਵੀ ਹੰਗਾਮੀ ਹਾਲਤ ਨਾਲ ਸਿੱਜਣ ਲਈ ਤਿਆਰ ਬਰ ਤਿਆਰ ਰੱਖਿਆ ਗਿਆ ਹੈ ।