ਹਾਈ-ਲੈਵਲ ਕਮੇਟੀ ਕਰੇਗੀ ਨੌਗਾਮ ਥਾਣੇ `ਚ ਧਮਾਕੇ ਦੀ ਜਾਂਚ ਸ਼੍ਰੀਨਗਰ/ਜੰਮੂ, 22 ਨਵੰਬਰ 2025 : ਸਰਕਾਰ ਨੇ 14 ਨਵੰਬਰ ਨੂੰ ਨੌਗਾਮ ਪੁਲਸ ਥਾਣੇ `ਚ ਹੋਏ ਧਮਾਕੇ ਦੀ ਜਾਂਚ ਲਈ ਇਕ ਹਾਈ-ਲੈਵਲ ਕਮੇਟੀ ਬਣਾਈ ਹੈ। ਇਸ ਧਮਾਕੇ ਵਿਚ ਇਕ ਐੱਸ. ਆਈ. ਏ. ਇੰਸਪੈਕਟਰ ਅਤੇ ਇਕ ਨਾਇਬ ਤਹਿਸੀਲਦਾਰ ਸਮੇਤ 9 ਲੋਕ ਮਾਰੇ ਗਏ ਸਨ । ਜਾਂਚ ਪੈਨਲ ਦੀ ਅਗਵਾਈ ਪ੍ਰਿੰਸੀਪਲ ਸਕੱਤਰ ਕਰ ਰਹੇ ਹਨ : ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪੈਨਲ ਦੀ ਅਗਵਾਈ ਪ੍ਰਿੰਸੀਪਲ ਸਕੱਤਰ ਕਰ ਰਹੇ ਹਨ ਅਤੇ ਇਸ ਵਿਚ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ, ਕਸ਼ਮੀਰ ਜ਼ੋਨ ਦੇ ਆਈ. ਜੀ., ਸ੍ਰੀਨਗਰ ਦੇ ਜਿ਼ਲਾ ਮੈਜਿਸਟ੍ਰੇਟ ਅਤੇ ਕੇਂਦਰੀ ਫਾਰੈਂਸਿਕ ਸਾਇੰਸ ਲੈਬਾਰਟਰੀ ਦੇ ਇਕ ਸੀਨੀਅਰ ਵਿਗਿਆਨੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਮੇਟੀ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਾਰੈਂਸਿਕ ਸਾਇੰਸ ਲੈਬਾਰਟਰੀ ਦੇ ਮਾਹਰਾਂ ਨੇ ਧਮਾਕੇ ਦੇ ਸਮੇਂ ਬਰਾਮਦ ਧਮਾਕਾਖੇਜ਼ ਪਦਾਰਥਾਂ ਦੇ ਵੱਡੇ ਭੰਡਾਰ ਤੋਂ ਸੈਂਪਲ ਪਹਿਲਾਂ ਹੀ ਇਕੱਠੇ ਕਰ ਲਏ ਸਨ । ਜਾਰੀ ਜਾਂਚ ਤਹਿਤ ਕੁਝ ਦਿਨ ਪਹਿਲਾਂ ਫਰੀਦਾਬਾਦ ਤੋਂ ਧਮਾਕਾਖੇਜ਼ ਪਦਾਰਥ ਬਰਾਮਦ ਕੀਤੇ ਗਏ ਸਨ ।
