post

Jasbeer Singh

(Chief Editor)

Patiala News

ਆਈ ਆਈ ਟੀ ਰੋਪੜ ਅਤੇ ਪੀਐਸਪੀਸੀਐਲ ਨੇ ਸਿੱਖਿਆ ਅਤੇ ਖੋਜ ਸਹਿਯੋਗ ਲਈ ਸਮਝੌਤਾ ਪੱਤਰ 'ਤੇ ਕੀਤੇ ਦਸਤਖ਼ਤ

post-img

ਆਈ ਆਈ ਟੀ ਰੋਪੜ ਅਤੇ ਪੀਐਸਪੀਸੀਐਲ ਨੇ ਸਿੱਖਿਆ ਅਤੇ ਖੋਜ ਸਹਿਯੋਗ ਲਈ ਸਮਝੌਤਾ ਪੱਤਰ 'ਤੇ ਕੀਤੇ ਦਸਤਖ਼ਤ ਪਟਿਆਲਾ, 11 ਜੁਲਾਈ : ਭਾਰਤੀ ਤਕਨਾਲੋਜੀ ਸੰਸਥਾ ਰੋਪੜ (ਆਈਆਈਟੀ ਰੋਪੜ) ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ ਐਸ ਪੀ ਸੀ ਐਲ) ਨੇ ਅੱਜ ਇੱਕ ਮਹੱਤਵਪੂਰਨ ਸਮਝੌਤਾ ਪੱਤਰ (ਐਮਓਯੂ) 'ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਸਿੱਖਿਆ, ਖੋਜ ਅਤੇ ਉਦਯੋਗਿਕ ਸਹਿਯੋਗ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ । ਐਮਓਯੂ ਦਾ ਮੁੱਖ ਉਦੇਸ਼ ਹੁਨਰ-ਆਧਾਰਿਤ ਸਿਖਲਾਈ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ, ਉਦਯੋਗਿਕ ਦੌਰਿਆਂ ਦਾ ਆਯੋਜਨ,ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਖੋਜ ਸਹਿਯੋਗ ਨੂੰ ਵਧਾਉਣਾ ਅਤੇ ਖੋਜ ਉਦੇਸ਼ਾਂ ਲਈ ਡੇਟਾ ਦਾ ਆਦਾਨ-ਪ੍ਰਦਾਨ ਕਰਨਾ ਹੈ । ਇਸ ਸਮਝੌਤੇ ਦੇ ਤਹਿਤ, ਆਈਆਈਟੀ ਰੋਪੜ ਪੀਐਸਪੀਸੀਐਲ ਦੇ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਾਏਗਾ, ਜਿਸ ਨਾਲ ਉਹਨਾਂ ਦੇ ਹੁਨਰ ਵਿੱਚ ਵਾਧਾ ਹੋਵੇਗਾ ਅਤੇ ਉਹ ਨਵੀਨਤਮ ਤਕਨਾਲੋਜੀਆਂ ਤੋਂ ਜਾਣੂ ਹੋਣਗੇ। ਇਸਦੇ ਨਾਲ ਹੀ, ਪੀਐਸਪੀਸੀਐਲ ਆਈਆਈਟੀ ਰੋਪੜ ਦੇ ਵਿਦਿਆਰਥੀਆਂ ਨੂੰ ਅਸਲ ਉਦਯੋਗਿਕ ਸਮੱਸਿਆਵਾਂ 'ਤੇ ਕੰਮ ਕਰਨ ਲਈ ਜ਼ਰੂਰੀ ਡੇਟਾ ਅਤੇ ਸਹਾਇਤਾ ਪ੍ਰਦਾਨ ਕਰੇਗਾ । ਇਸ ਮੌਕੇ 'ਤੇ ਇੰਜੀਨੀਅਰ ਆਰ.ਐੱਸ. ਸੈਣੀ, ਡਾਇਰੈਕਟਰ/ਐੱਚ.ਆਰ. ਪੀ.ਐੱਸ.ਪੀ.ਸੀ.ਐੱਲ. ਨੇ ਕਿਹਾ, "ਇਹ ਸਾਂਝੇਦਾਰੀ ਸਾਨੂੰ ਉੱਚ ਸਿੱਖਿਆ ਅਤੇ ਉਦਯੋਗ ਵਿਚਕਾਰ ਪੁਲ ਬਣਾਉਣ ਦਾ ਮੌਕਾ ਦੇਵੇਗੀ । ਪ੍ਰੋਫੈਸਰ ਰਾਜੀਵ ਅਹੂਜਾ, ਡਾਇਰੈਕਟਰ ਆਈ.ਆਈ.ਟੀ. ਰੋਪੜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, "ਇਹ ਸਮਝੌਤਾ ਸਾਡੇ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੇ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰੇਗਾ । ਇਹ ਸਮਝੌਤਾ ਸ਼੍ਰੀ ਤੇਜਵੀਰ ਸਿੰਘ ਏ.ਸੀ.ਐੱਸ. ਪਾਵਰ, ਇੰਜੀਨੀਅਰ ਬਲਦੇਵ ਸਿੰਘ ਸਰਾ ਸੀ.ਐੱਮ.ਡੀ. ਪੀ.ਐੱਸ.ਪੀ.ਸੀ.ਐੱਲ., ਅਤੇ ਇੰਜੀਨੀਅਰ ਪਰਮਜੀਤ ਸਿੰਘ ਡਾਇਰੈਕਟਰ-ਜਨਰੇਸ਼ਨ ਪੀ.ਐੱਸ.ਪੀ.ਸੀ.ਐੱਲ. ਦੀ ਮੌਜੂਦਗੀ ਵਿੱਚ ਹਸਤਾਖਰ ਕੀਤਾ ਗਿਆ।ਇਹ ਸਹਿਯੋਗ ਨਿਸ਼ਚਿਤ ਰੂਪ ਵਿੱਚ ਦੋਵਾਂ ਸੰਸਥਾਵਾਂ ਲਈ ਲਾਭਦਾਇਕ ਸਾਬਤ ਹੋਵੇਗਾ ਅਤੇ ਪੰਜਾਬ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।

Related Post