ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ ਨਵੀਂ ਦਿੱਲੀ, 6 ਜਨਵਰੀ 2026 : ਘਰੇਲੂ ਉਤਪਾਦਨ 'ਚ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2025-26 ਦੀ ਅਪ੍ਰੈਲ-ਨਵੰਬਰ ਮਿਆਦ 'ਚ ਭਾਰਤ ਦੀ ਯੂਰੀਆ ਦਰਾਮਦ ਦੁੱਗਣੇ ਤੋਂ ਵਧ ਕੇ 71.7 ਲੱਖ ਟਨ ਪਹੁੰਚ ਗਈ । ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (ਐੱਫ. ਏ. ਆਈ.) ਅਨੁਸਾਰ ਇਹ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 120.3 ਫੀਸਦੀ ਜ਼ਿਆਦਾ ਹੈ । ਤਾਲਮੇਲ ਵਾਲੀ ਯੋਜਨਾ ਰਾਹੀਂ ਵਿਕਰੀ 'ਚ ਵਾਧਾ ਹਾਸਲ ਕੀਤਾ ਹੈ : ਚੇਅਰਮੈਨ ਇਸੇ ਦੌਰਾਨ ਘਰੇਲੂ ਯੂਰੀਆ ਉਤਪਾਦਨ 3.7 ਫੀਸਦੀ ਘਟ ਕੇ 1.97 ਕਰੋੜ ਟਨ ਰਿਹਾ, ਜਦਕਿ ਵਿਕਰੀ 2.3 ਫੀਸਦੀ ਵਧ ਕੇ 2.54 ਕਰੋੜ ਟਨ ਹੋ ਗਈ । ਐੱਫ. ਏ. ਆਈ. ਨੇ ਦਰਾਮਦ 'ਤੇ ਨਿਰਭਰਤਾ ਨੂੰ ਸਪਲਾਈ ਪ੍ਰਬੰਧਨ ਦੀ ਵੱਡੀ ਚੁਣੌਤੀ ਦੱਸਿਆ। ਐੱਫ. ਏ. ਆਈ. ਦੇ ਚੇਅਰਮੈਨ ਐੱਸ. ਸ਼ੰਕਰ ਸੁਬਰਾਮਨੀਅਮ ਨੇ ਕਿਹਾ ਕਿ ਹਾਲਾਂਕਿ ਅਸੀਂ ਤਾਲਮੇਲ ਵਾਲੀ ਯੋਜਨਾ ਰਾਹੀਂ ਵਿਕਰੀ 'ਚ ਵਾਧਾ ਹਾਸਲ ਕੀਤਾ ਹੈ ਪਰ ਦਰਾਮਦ 'ਤੇ ਵੱਡੀ ਨਿਰਭਰਤਾ (ਖਾਸ ਕਰਕੇ ਯੂਰੀਆ ਅਤੇ ਡੀ. ਏ. ਪੀ. ਲਈ) ਰਣਨੀਤਕ ਸਪਲਾਈ ਲੜੀ ਪ੍ਰਬੰਧਨ ਦੇ ਮਹੱਤਵ ਨੂੰ ਦਰਸਾਉਂਦੀ ਹੈ ।
