post

Admin

(Chief Editor)

Latest update

ਬਰਫੀਲੀ ਝੀਲ ਵਿਚ ਡਿੱਗੀ ਬੱਚੀ ਨੂੰ ਭਾਰਤੀ ਵਿਅਕਤੀ ਨੇ ਬਚਾਇਆ

post-img

ਬਰਫੀਲੀ ਝੀਲ ਵਿਚ ਡਿੱਗੀ ਬੱਚੀ ਨੂੰ ਭਾਰਤੀ ਵਿਅਕਤੀ ਨੇ ਬਚਾਇਆ

ਕ੍ਰਾਯੋਵਾ, 15 ਜੂਨ 2026 : ਰੋਮਾਨੀਆ (Romania) ’ਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਮਜ਼ਦੂਰ ਨੇ ਅਪਣੀ ਜਾਨ ਜੋਖ਼ਮ ਵਿਚ ਪਾ ਕੇ 5 ਸਾਲਾ ਬੱਚੀ ਨੂੰ ਬਰਫ਼ੀਲੀ ਝੀਲ (Snowy lake) ਵਿਚ ਡੁੱਬਣ ਤੋਂ ਬਚਾਇਆ ।

ਕੌਣ ਹੈ ਇਹ ਭਾਰਤੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਦੇਸ਼ ਦੇ ਸ਼ਹਿਰ ਵਿਚ ਭਾਰਤੀ ਵਿਅਕਤੀ (Indian person) ਵਲੋਂ ਕੀਤੀ ਗਈ ਇਸ ਬਹਾਦਰੀ ਭਰੇ ਕੰਮ ਲਈ ਉਸ ਨੂੰ ਰੋਮਾਨੀਆ ਦੇ ਕ੍ਰਾਯੋਵਾ ਸ਼ਹਿਰ ਦੀ ਆਨਰੇਰੀ ਸਿਟੀਜ਼ਨਸ਼ਿਪ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ । ਵਿਪਨ ਕੁਮਾਰ (Vipan Kumar) ਦੀ ਬਹਾਦਰੀ ਦੀ ਕਹਾਣੀ ਹੁਣ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਵਿਪਨ ਕੁਮਾਰ ਨੇ ਸਥਾਨਕ ਟੀ. ਵੀ. ਚੈਨਲ ਡਿਜ਼ੀ-24 ਨੂੰ ਦਸਿਆ ਕਿ ਉਹ ਅਪਣੇ ਇਕ ਦੋਸਤ ਨਾਲ ਟਹਿਲ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਝੀਲ ਦੇ ਬਰਫ਼ੀਲੇ ਪਾਣੀ ਵਿਚ ਡੁੱਬ ਰਹੀ ਇਕ ਛੋਟੀ ਬੱਚੀ ਨੂੰ ਦੇਖਿਆ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਹੀ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਝੀਲ ਵਿਚ ਛਾਲ ਮਾਰ ਦਿਤੀ ।

ਕੀ ਆਖਿਆ ਭਾਰਤੀ ਵਿਅਕਤੀ ਵਿਪਨ ਨੇ

ਵਿਪਨ ਨੇ ਕਿਹਾ ਕਿ ਪਾਣੀ ਬੇਹੱਦ ਠੰਢਾ ਸੀ ਅਤੇ ਸੱਭ ਕੁਝ ਬਹੁਤ ਤੇਜ਼ੀ ਨਾਲ ਹੋਇਆ । ਉਸ ਸਮੇਂ ਮੇਰੇ ਮਨ ਵਿਚ ਸਿਰਫ਼ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਹੀ ਖ਼ਿਆਲ ਸੀ । ਪ੍ਰਤੱਖਦਰਸ਼ੀਆਂ ਅਨੁਸਾਰ ਬੱਚੀ ਝੀਲ ਦੀ ਜੰਮੀ ਹੋਈ ਸਤ੍ਹਾ ’ਤੇ ਪਹੁੰਚ ਗਈ ਸੀ, ਉਦੋਂ ਹੀ ਉਸ ਦੇ ਹੇਠਾਂ ਦੀ ਬਰਫ਼ ਟੁੱਟ ਗਈ ਅਤੇ ਉਹ ਪਾਣੀ ਵਿਚ ਡਿੱਗ ਗਈ । ਵਿਪਨ ਇਕ ਸਲੇਜ ਦੀ ਮਦਦ ਨਾਲ ਉਸ ਵਲ ਵਧੇ ਪਰ ਰਸਤੇ ਵਿਚ ਉਨ੍ਹਾਂ ਦੇ ਹੇਠਾਂ ਦੀ ਬਰਫ਼ ਵੀ ਟੁੱਟ ਗਈ । ਇਸ ਦੇ ਬਾਵਜੂਦ ਉਨ੍ਹਾਂ ਨੇ ਬੱਚੀ ਦਾ ਹੱਥ ਫੜ ਲਿਆ ਅਤੇ ਉਸ ਨੂੰ ਬਰਫ਼ੀਲੇ ਪਾਣੀ ’ਚ ਡੁੱਬਣ ਨਹੀਂ ਦਿਤਾ, ਜਦੋਂ ਤਕ ਕਿ ਬਚਾਅ ਟੀਮ ਮੌਕੇ ’ਤੇ ਨਹੀਂ ਪਹੁੰਚ ਗਈ ।

ਕਦੋਂ ਤੇ ਕਿਵੇਂ ਵਾਪਰੀ ਸੀ ਘਟਨਾ

ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਅਪਣੇ ਮਾਤਾ-ਪਿਤਾ ਨਾਲ ਸ਼ਹਿਰ ਦੇ ਇਕ ਪਾਰਕ ਵਿਚ ਘੁੰਮਣ ਆਈ ਸੀ । ਬੱਚੀ ਸਲੇਜ ਤੋਂ ਉੱਤਰ ਕੇ ਝੀਲ ਵਲ ਦੌੜ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ । ਉਸ ਨੂੰ ਬਚਾਉਣ ਲਈ ਉਸ ਦੇ ਪਿਤਾ ਵੀ ਝੀਲ ਵਿਚ ਉੱਤਰੇ ਪਰ ਉਹ ਵੀ ਟੁੱਟੀ ਹੋਈ ਬਰਫ਼ ਦੇ ਵਿਚਕਾਰ ਫਸ ਗਏ । ਇਸ ਤੋਂ ਬਾਅਦ ਲੋਕਾਂ ਨੇ ਤੁਰਤ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਦਿਤੀ । ਬਚਾਅ ਮੁਹਿੰਮ ਤੋਂ ਬਾਅਦ ਵਿਪਨ ਕੁਮਾਰ ਅਤੇ ਬੱਚੀ ਦੋਵਾਂ ਨੂੰ ਹਸਪਤਾਲ (Hospital) ਲਿਜਾਇਆ ਗਿਆ ।  ਡਾਕਟਰਾਂ ਨੇ ਦਸਿਆ ਕਿ ਦੋਵਾਂ ਨੂੰ ਹਾਈਪੋਥਰਮਿਕ ਸ਼ਾਕ (ਜ਼ਿਆਦਾ ਠੰਢ ਕਾਰਨ ਸਰੀਰ ਦਾ ਤਾਪਮਾਨ ਡਿੱਗਣਾ) ਹੋਇਆ ਸੀ ਪਰ ਉਨ੍ਹਾਂ ਦੀ ਹਾਲਤ ਸਥਿਰ ਸੀ ਅਤੇ ਸਮਾਂ ਰਹਿੰਦੇ ਇਲਾਜ ਮਿਲਣ ਕਰ ਕੇ ਵੱਡਾ ਖ਼ਤਰਾ ਟਲ ਗਿਆ ।

ਕੰਪਨੀ ਮਾਲਕ ਨੇ ਕੀਤਾ ਵਿਪਨ ਨੂੰ ਭਾਰਤ ਯਾਤਰਾ ਕਰਵਾਉਣ ਦਾ ਐਲਾਨ

ਵਿਪਨ ਕੁਮਾਰ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਕੰਪਨੀ ਦੇ ਮਾਲਕ ਨੇ ਉਨ੍ਹਾਂ ਨੂੰ ਇਨਾਮ ਵਜੋਂ ਭਾਰਤ ਯਾਤਰਾ ਕਰਵਾਉਣ ਬਾਰੇ ਵਿਚਾਰ ਸ਼ੁਰੂ ਕੀਤਾ ਹੈ, ਤਾਂ ਜੋ ਉਹ ਅਪਣੇ ਪਰਿਵਾਰ ਨੂੰ ਮਿਲ ਸਕਣ । ਉਨ੍ਹਾਂ ਦੀ 8 ਸਾਲਾ ਧੀ ਭਾਰਤ ’ਚ ਰਹਿੰਦੀ ਹੈ ਅਤੇ ਪਰਿਵਾਰ ਲੰਬੇ ਸਮੇਂ ਤੋਂ ਉਨ੍ਹਾਂ ਤੋਂ ਦੂਰ ਹੈ । ਕੁੱਝ ਹੀ ਮਹੀਨੇ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਰੋਮਾਨੀਆ ਪਹੁੰਚੇ ਵਿਪਨ ਕੁਮਾਰ ਅੱਜ ਕ੍ਰਾਯੋਵਾ ਦੇ ਸਭ ਤੋਂ ਸਤਿਕਾਰਤ ਲੋਕਾਂ ਵਿਚ ਸ਼ਾਮਲ ਹੋ ਗਏ ਹਨ । ਉਨ੍ਹਾਂ ਦੇ ਹੌਸਲੇ ਅਤੇ ਤੁਰਤ ਫ਼ੈਸਲੇ ਨੇ ਨਾ ਸਿਰਫ਼ ਇਕ ਮਾਸੂਮ ਦੀ ਜਾਨ ਬਚਾਈ, ਸਗੋਂ ਇਹ ਵੀ ਦਿਖਾਇਆ ਕਿ ਇਨਸਾਨੀਅਤ ਅਤੇ ਬਹਾਦਰੀ ਦੀ ਕੋਈ ਹੱਦ ਨਹੀਂ ਹੁੰਦੀ ।

ਮੇਅਰ ਲਿਆ ਓਲਗੁਟਾ ਵਾਸਿਲੇਸਕੂ ਨੇ ਕੀਤੀ ਵਿਪਨ ਕੁਮਾਰ ਦੇ ਹੌਸਲੇ ਦੀ ਸ਼ਲਾਘਾ

ਕ੍ਰਾਯੋਵਾ ਦੀ ਮੇਅਰ ਲਿਆ ਓਲਗੁਟਾ ਵਾਸਿਲੇਸਕੂ ਨੇ ਵਿਪਨ ਕੁਮਾਰ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਹਿਰ ਦੀ ਆਨਰੇਰੀ ਸਿਟੀਜ਼ਨਸ਼ਿਪ ਦੇਣ ਦਾ ਪ੍ਰਸਤਾਵ ਰਖਿਆ । ਉਨ੍ਹਾਂ ਕਿਹਾ ਕਿ ਵਿਪਨ ਦਾ ਨਿਰਸਵਾਰਥ ਅਤੇ ਮਨੁੱਖੀ ਕਾਰਜ ਸਮਾਜ ਲਈ ਇਕ ਪ੍ਰੇਰਣਾ ਹੈ ਅਤੇ ਬਾਕੀ ਲੋਕਾਂ ਨੂੰ ਵੀ ਅਜਿਹੀਆਂ ਉਦਾਹਰਨਾਂ ਤੋਂ ਸਬਕ ਲੈਣਾ ਚਾਹੀਦਾ ਹੈ । ਮੇਅਰ ਅਨੁਸਾਰ ਵਿਪਨ ਕੁਮਾਰ ਜੂਨ 2025 ਵਿਚ ਭਾਰਤ ਤੋਂ ਰੋਮਾਨੀਆ ਪਹੁੰਚੇ ਸਨ । ਹਾਲ ਹੀ ਵਿਚ ਉਨ੍ਹਾਂ ਨੇ ਡੋਲਜ ਕਾਊਂਟੀ ਦੇ ਮਾਲੂ ਮਾਰੇ ਖੇਤਰ ਵਿਚ ਇਕ ਨਿਰਮਾਣ ਕੰਪਨੀ ਵਿਚ ਮਜ਼ਦੂਰ ਵਜੋਂ ਕੰਮ ਸ਼ੁਰੂ ਕੀਤਾ ਸੀ । ਉਹ ਬਿਹਤਰ ਰੁਜ਼ਗਾਰ ਅਤੇ ਪਰਵਾਰ ਦੇ ਭਵਿੱਖ ਲਈ ਵਿਦੇਸ਼ ਆਏ ਸਨ ।

Related Post

Instagram