post

Jasbeer Singh

(Chief Editor)

Patiala News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ 'ਚ ਚੱਲ ਰਹੀ ਬੂਟੇ ਲਗਾਉਣ ਦੀ ਮੁਹਿੰਮ ਦਾ ਜਾਇਜ਼ਾ

post-img

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ 'ਚ ਚੱਲ ਰਹੀ ਬੂਟੇ ਲਗਾਉਣ ਦੀ ਮੁਹਿੰਮ ਦਾ ਜਾਇਜ਼ਾ -ਵਿਭਾਗ ਬੂਟੇ ਲਗਾਉਣ ਲਈ ਜਗ੍ਹਾ ਦੀ ਪਹਿਚਾਣ ਕਰਨ ਤੇ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰਨ : ਡਿਪਟੀ ਕਮਿਸ਼ਨਰ -ਸਮੂਹ ਵਿਭਾਗਾਂ ਨੂੰ ਬੂਟੇ ਲਗਾਉਣ ਦੇ ਦਿੱਤੇ ਟੀਚੇ ਕਿਹਾ, ਮਾਨਸੂਨ ਸੀਜ਼ਨ ਨਵੇਂ ਬੂਟੇ ਲਗਾਉਣ ਲਈ ਸਭ ਤੋਂ ਢੁਕਵਾਂ -ਪਟਿਆਲਾ ਜ਼ਿਲ੍ਹੇ 'ਚ ਲਗਾਏ ਜਾ ਰਹੇ ਨੇ 15 ਲੱਖ ਬੂਟੇ ਪਟਿਆਲਾ, 18 ਜੁਲਾਈ : ਪਟਿਆਲਾ ਜ਼ਿਲ੍ਹੇ ਵਿੱਚ 15 ਲੱਖ ਬੂਟੇ ਲਗਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਇਜ਼ਾ ਲੈਂਦਿਆਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਖਾਲੀ ਪਏ ਖੇਤਰ ਦੀ ਪਹਿਚਾਣ ਕਰਕੇ ਤੁਰੰਤ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰਨ ਤੇ ਮਾਨਸੂਨ ਸੀਜ਼ਨ ਵਿੱਚ ਬੂਟਿਆਂ ਨੂੰ ਢੁਕਵੇਂ ਸਥਾਨ 'ਤੇ ਲਗਾਇਆ ਜਾਵੇ। ਮੀਟਿੰਗ 'ਚ ਡੀ.ਐਫ.ਓ. ਵਿੱਦਿਆ ਸਾਗਰੀ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਵਿਭਾਗਾਂ ਕੋਲ ਇੱਕ ਕਨਾਲ ਜਾ ਫੇਰ ਇਸ ਤੋਂ ਵੱਧ ਦੀ ਖਾਲੀ ਜਗ੍ਹਾ ਹੈ ਉਹ ਜੰਗਲਾਤ ਵਿਭਾਗ ਨਾਲ ਰਾਬਤਾ ਕਰਕੇ ਉਥੇ ਨਾਨਕ ਬਗੀਚੀ ਸਥਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਗੀਚੀ ਸਥਾਪਤ ਕਰਨ ਵਿੱਚ ਜੰਗਲਾਤ ਵਿਭਾਗ ਵੱਲੋ ਪੂਰਨ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਬੂਟੇ ਲਗਾਉਣ ਲਈ ਸਭ ਤੋਂ ਢੁਕਵਾਂ ਹੁੰਦਾ ਹੈ ਅਤੇ ਜ਼ਿਲ੍ਹੇ ਅੰਦਰ ਇਸ ਮੌਸਮ ਦੌਰਾਨ 15 ਲੱਖ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸਕੂਲਾਂ, ਕਾਲਜਾਂ, ਅਨਾਜ ਮੰਡੀਆਂ, ਹਸਪਤਾਲਾਂ, ਪਿੰਡਾਂ ਦੀਆਂ ਫਿਰਨੀਆਂ ਤੇ ਛੱਪੜਾਂ ਦੇ ਆਲੇ ਦੁਆਲੇ ਸਮੇਤ ਜਨਤਕ ਸਥਾਨਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ, ਖੇਤੀਬਾੜੀ ਵਿਭਾਗ ਤੇ ਸਿੱਖਿਆ ਵਿਭਾਗ ਇਸ ਮੁਹਿੰਮ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ਼, ਈ.ਓਜ਼, ਸਿੱਖਿਆ ਅਧਿਕਾਰੀਆਂ ਤੇ ਸਮੂਹ ਵਿਭਾਗਾਂ ਨੂੰ ਬੂਟੇ ਲਗਾਉਣ ਦੇ ਟੀਚੇ ਨਿਰਧਾਰਤ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਜ਼ਿਲ੍ਹੇ ਦੇ 75 ਹਜ਼ਾਰ ਟਿਊਬਵੈਲਾਂ 'ਤੇ ਬੂਟੇ ਲਗਾਉਣ ਸਮੇਤ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ 270 ਪੈਟਰੋਲ ਪੰਪਾਂ 'ਤੇ, ਪੁਲਿਸ ਵਿਭਾਗ ਥਾਣਿਆਂ ਅੰਦਰ, ਸਿਹਤ ਵਿਭਾਗ ਆਮ ਆਦਮੀ ਕਲੀਨਿਕ ਤੇ ਡਿਸਪੈਂਸਰੀਆਂ 'ਚ ਅਤੇ ਸਿੱਖਿਆ ਵਿਭਾਗ ਸਾਰੇ ਸਕੂਲਾਂ ਸਮੇਤ ਪੰਚਾਇਤ ਤੇ ਸਥਾਨਕ ਸਰਕਾਰਾਂ ਵਿਭਾਗ ਜਨਤਕ ਸਥਾਨਾਂ 'ਤੇ ਬੂਟੇ ਲਗਾਉਣ ਲਈ ਕੰਮ ਕਰਨ। ਇਸ ਮੌਕੇ ਡੀ.ਐਫ.ਓ. ਵਿੱਦਿਆ ਸਾਗਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ 3 ਲੱਖ ਤੋਂ ਵਧੇਰੇ ਬੂਟੇ ਵੰਡੇ ਜਾ ਚੁੱਕੇ ਹਨ ਅਤੇ ਹਰੇਕ ਵਿਭਾਗ ਵੱਲੋਂ ਕੀਤੀ ਗਈ ਮੰਗ ਅਨੁਸਾਰ ਬੂਟੇ ਉਪਲਬੱਧ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਗਾਏ ਜਾ ਰਹੇ ਬੂਟੇ ਦੀ ਦੇਖਭਾਲ ਕਰਨਾ ਵੀ ਯਕੀਨੀ ਬਣਾਇਆ ਜਾਵੇ। ਮੀਟਿੰਗ 'ਚ ਸਮੂਹ ਬੀ.ਡੀ.ਪੀ.ਓਜ਼, ਈ.ਓਜ਼ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Related Post