

ਜੇਲ੍ਹ ਵਿੱਚ ਕੈਦੀਆਂ ਲਈ ਲਗਾਇਆ ਗਿਆ ਐਚਆਈਵੀ, ਸਿਫਲਿਸ, ਟੀਬੀ ਤੇ ਏਡਜ਼ ਸਬੰਧੀ ਸਕਰੀਨਿੰਗ ਕੈਂਪ ਪਟਿਆਲਾ, 23 ਜੂਨ : ਸਿਵਲ ਸਰਜਨ ਪਟਿਆਲਾ ਡਾ. ਜਗਪਾਲਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਪਟਿਆਲਾ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਐਚਆਈਵੀ, ਸਿਫਲਿਸ, ਟੀਬੀ ਤੇ ਏਡਜ਼ ਦੇ ਨਾਲ ਨਾਲ ਕਾਲੇ ਪੀਲੀਏ ਦੀ ਸਕਰੀਨਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਸਬੰਧ ਵਿੱਚ ਜਿਲ੍ਹਾ ਏਡਜ਼ ਤੇ ਟੀਬੀ ਅਫਸਰ ਡਾ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਮੁਹਿੰਮ ਹਰ ਸਾਲ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ। ਜਿਸ ਤਹਿਤ ਸਮੁੱਚੀ ਜੇਲ੍ਹ ਦੇ ਕੈਦੀਆਂ ਦੀ ਐਚਆਈਵੀ, ਸਿਫਲਿਸ, ਟੀਬੀ, ਏਡਜ਼ ਅਤੇ ਕਾਲੇ ਪੀਲੀਏ ਦੀ ਸਕਰੀਨਿੰਗ ਤੋਂ ਇਲਾਵਾ ਉਨ੍ਹਾਂ ਨੂੰ ਉਕਤ ਬਿਮਾਰੀਆਂ ਦੇ ਬਚਾਅ ਤੇ ਇਲਾਜ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ। ਕੇਂਦਰੀ ਜੇਲ੍ਹ ਪਟਿਆਲਾ ਦੇ ਮੈਡੀਕਲ ਅਫਸਰ ਡਾ.ਜਸਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਜੋ ਵੀ ਕੈਦੀ ਇਨ੍ਹਾਂ ਬਿਮਾਰੀਆਂ ਵਿੱਚੋਂ ਕਿਸੇ ਇੱਕ ਨਾਲ ਵੀ ਪੀੜਤ ਪਾਇਆ ਜਾਂਦਾ ਹੈ ਉਸ ਦਾ ਇਲਾਜ ਜੇਲ੍ਹ ਵਿੱਚ ਹੀ ਪਹਿਲ ਦੇ ਅਧਾਰ ਉੱਤੇ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜੇਲ੍ਹ ਵਿੱਚ ਕੈਦੀਆਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਕੇਂਦਰੀ ਜੇਲ੍ਹ ਸੁਪਰਡੰਟ ਵਰੁਣ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਉਕਤ ਮੁਹਿੰਮ ਤਹਿਤ ਜੇਲ੍ਹ ਦੇ ਲੱਗਭਗ 2300 ਕੈਦੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜੇਲ੍ਹ ਪ੍ਰਸ਼ਾਸਨ ਅਜਿਹੇ ਉਦਮਾਂ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਜੇਲ੍ਹ ਵਿੱਚ ਕੈਦੀਆਂ ਦੀ ਸਿਹਤ ਪੱਖੋਂ ਹਰ ਤਰ੍ਹਾਂ ਦੀ ਜਾਂਚ ਹੋ ਸਕੇ ਤੇ ਉਨ੍ਹਾਂ ਨੂੰ ਕਿਸੇ ਸਿਹਤ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉੱਤੇ ਜਿਲ੍ਹਾ ਐਚਆਈਵੀ ਏਕੀਕ੍ਰਿਤ ਪ੍ਰੋਗਰਾਮ ਦੇ ਕਲੱਸਟਰ ਪ੍ਰੋਗਰਾਮ ਮੈਨੇਜਰ ਯਾਦਵਿੰਦਰ ਸਿੰਘ ਵਿਰਕ ਵੱਲੋਂ ਸਰਕਾਰ ਦੁਆਰਾ ਚਲਾਏ ਜਾ ਰਹੇ ਏਡਜ਼ ਕੰਟਰੋਲ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਬਾਰੇ ਉਨ੍ਹਾਂ ਕੈਦੀਆਂ ਨਾਲ ਵੀ ਤਫਸੀਲ ਵਿੱਚ ਗੱਲਬਾਤ ਕੀਤੀ। ਇਸ ਦੇ ਨਾਲ ਹੀ ਕੈਦੀਆਂ ਨੂੰ ਉਕਤ ਟੈਸਟਿੰਗ ਮੁਹਿੰਮ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਸੁਪਰਡੈਂਟ ਅਰਪਣਜੋਤ ਸਿੰਘ, ਪੋ੍ਰਜੈਕਟ ਕੋਆਰਡੀਨੇਟਰ ਜੇਲ੍ਹ ਐਨਸੀਪੀਆਈ ਲਖਵੀਰ ਸਿੰਘ, ਐਮਐਲਟੀ ਲਖਵਿੰਦਰ ਸਿੰਘ ਵੀ ਹਾਜ਼ਰ ਸਨ।