

ਰਾਸ਼ਿਦ ਇੰਜਨੀਅਰ ਦੀ ਅੰਤਰਿਮ ਜ਼ਮਾਨਤ 28 ਤੱਕ ਵਧਾਈ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੀ ਇਕ ਅਦਾਲਤ ਨੇ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ ਉਰਫ਼ ਇੰਜਨੀਅਰ ਰਾਸਿ਼ਦ ਦੀ ਅੰਤਰਿਮ ਜ਼ਮਾਨਤ ਵਿਚ 28 ਅਕਤੂਬਰ ਤੱਕ ਵਧਾ ਦਿੱਤਾ ਹੈ। ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ ਇਹ ਹੁਕਮ ਰਾਸ਼ਿਦ ਦੇ ਪਿਤਾ ਦੀ ਸਿਹਤ ਦੇ ਆਧਾਰ ’ਤੇ ਦਿੱਤੇ ਹਨ। ਇਸ ਤੋਂ ਪਹਿਲਾਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਿਹਾ ਕਿ ਉਸ ਨੇ ਦਸਤਾਵੇਜ਼ਾਂ ਦੀ ਪੁਸ਼ਟੀ ਕਰ ਲਈ ਹੈ ਅਤੇ ਉਹ ਅਰਜ਼ੀ ਦਾ ਵਿਰੋਧ ਨਹੀਂ ਕਰ ਰਹੀ। ਜੱਜ ਨੇ ਇਸ ਮਾਮਲੇ ’ਚ ਰਾਸ਼ਿਦ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਹੁਕਮ ਵੀ 28 ਅਕਤੂਬਰ ਤੱਕ ਮੁਲਤਵੀ ਕਰ ਦਿੱਤੇ ਹਨ। ਮੁਲਜ਼ਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਖਰੀ ਵਾਰ ਅੰਤਰਿਮ ਜ਼ਮਾਨਤ ਵਧਾਉਣ ਦੀ ਅਪੀਲ ਕਰ ਰਹੇ ਹਨ।