post

Jasbeer Singh

(Chief Editor)

Patiala News

ਪੰਜਾਬੀਅਤ ਦੇ ਪ੍ਰਸਾਰ ਪੱਖੋਂ ਅੰਤਰ ਰਾਸ਼ਟਰੀ ਵਿਦਿਆਰਥੀ ਬਣਨਗੇ ਦੁਨੀਆਂ ਭਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਦੂਤ: ਉਪ-ਕੁਲ

post-img

ਪੰਜਾਬੀਅਤ ਦੇ ਪ੍ਰਸਾਰ ਪੱਖੋਂ ਅੰਤਰ ਰਾਸ਼ਟਰੀ ਵਿਦਿਆਰਥੀ ਬਣਨਗੇ ਦੁਨੀਆਂ ਭਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਦੂਤ: ਉਪ-ਕੁਲਪਤੀ ਡਾ. ਜਗਦੀਪ ਸਿੰਘ ਪਟਿਆਲਾ, 28 ਮਈ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਅੰਤਰ ਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਦੇ 'ਪੰਜਾਬੀਅਤ' ਦੇ ਪ੍ਰਸਾਰ ਸਬੰਧੀ ਮਿਸ਼ਨ ਦਾ ਦੁਨੀਆਂ ਭਰ ਵਿੱਚ ਪ੍ਰਸਾਰ ਕਰਨ ਪੱਖੋਂ ਯੂਨੀਵਰਸਿਟੀ ਦੇ ਦੂਤ ਵੀ ਹਨ। ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਅੱਜ ਇੱਥੇ ਡਾਇਰੈਕਟੋਰੇਟ, ਅੰਤਰਰਾਸ਼ਟਰੀ ਮਾਮਲੇ ਵੱਲੋਂ ਕਰਵਾਏ ਗਏ 'ਪੰਜਾਬ ਸੰਵਾਦ' ਨਾਮਕ ਪ੍ਰੋਗਰਾਮ ਦੌਰਾਨ ਪ੍ਰਗਟਾਏ। ਮਾਨਸਿਕ ਸਿਹਤ ਦੇ ਵਿਸ਼ੇ ਉੱਤੇ ਕਰਵਾਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਤੋਂ ਪੰਜਾਬੀ ਯੂਨੀਵਰਸਿਟੀ ਪੜ੍ਹਨ ਲਈ ਆਉਂਦੇ ਇਹ ਵਿਦਿਆਰਥੀ ਭਵਿੱਖ ਵਿੱਚ ਦੁਨੀਆਂ ਭਰ ਦੇ ਦੇਸਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਨਗੇ। ਉਨ੍ਹਾਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਭਾਵੇਂ ਕਿਸੇ ਵੀ ਕੋਰਸ ਵਿੱਚ ਦਾਖ਼ਲ ਹੋਣ ਪਰ ਆਮ ਬੋਲਚਾਲ ਸਬੰਧੀ ਪੰਜਾਬੀ ਭਾਸ਼ਾ ਦੇ ਕੁੱਝ ਸ਼ਬਦ ਅਤੇ ਫਿ਼ਕਰੇ ਜ਼ਰੂਰ ਸਿੱਖਣ ਤਾਂ ਕਿ ਉਹ ਆਪੋ ਆਪਣੇ ਦੇਸ ਵਾਪਸ ਪਰਤ ਕੇ ਇਨ੍ਹਾਂ ਸ਼ਬਦਾਂ ਅਤੇ ਫਿਕਰਿਆਂ ਦਾ ਇਸਤੇਮਾਲ ਕਰ ਸਕਣ। ਸੈਮੀਨਾਰ ਦੇ ਵਿਸ਼ੇ ਸਬੰਧੀ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਨੌਜਵਾਨਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਖਿ਼ਆਲ ਰੱਖਣਾ ਹੁਣ ਹੋਰ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਦੇ ਵਿਸ਼ੇ ਨੂੰ ਯੂ.ਜੀ.ਸੀ. ਸਮੇਤ ਵੱਖ-ਵੱਖ ਵੱਕਾਰੀ ਅਦਾਰਿਆਂ ਨੇ ਵੀ ਗੰਭੀਰਤਾ ਨਾਲ਼ ਲੈਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਸਮੇਂ ਦੀ ਲੋੜ ਅਤੇ ਸਲਾਹੁਣਯੋਗ ਕਦਮ ਹੈ। ਇਸ ਪ੍ਰੋਗਰਾਮ ਵਿੱਚ ਵਿਸ਼ੇ ਸਬੰਧੀ ਵਿਚਾਰ ਪ੍ਰਗਟਾਉਣ ਵਾਲ਼ੇ ਮਾਹਿਰਾਂ ਵਿੱਚ ਰਾਜਿੰਦਰਾ ਹਸਪਤਾਲ ਤੋਂ ਡਾ. ਪਰਵਜੋਤ ਕੌਰ, ਇੰਸਟੀਚੂਟ ਫ਼ਾਰ ਕਨਫਲਿਕਟ ਮੈਨੇਜਮੈਂਟ, ਦਿੱਲੀ ਦੇ ਡਾਇਰੈਕਟਰ ਡਾ. ਅਜੈ ਸਾਹਨੀ, ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ. ਪੌਰੀਮਿਤਾ ਸੀ. ਗਗੋਈ ਅਤੇ ਚੰਡੀਗੜ੍ਹ ਤੋਂ ਕਾਰਪੋਰੇਟ ਟਰੇਨਰ ਡਾ. ਸਿ਼ਲਪਾ ਸੂਰੀ ਸ਼ਾਮਿਲ ਸਨ। ਮਾਹਿਰਾਂ ਵੱਲੋਂ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਵਿਸ਼ੇ ਦੀ ਲੋੜ ਉੱਤੇ ਅਹਿਮ ਨੁਕਤੇ ਸਾਂਝੇ ਕਰਦਿਆਂ ਉਨ੍ਹਾਂ ਨਾਲ਼ ਸੰਵਾਦ ਰਚਾਇਆ ਗਿਆ। ਡੀਨ, ਅੰਤਰਰਾਸ਼ਟਰੀ ਮਾਮਲੇ ਪ੍ਰੋ. ਦਮਨਜੀਤ ਸੰਧੂ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਇਹ ਇਸ ਲੜੀ ਦਾ ਅੱਠਵਾਂ ਪ੍ਰੋਗਰਾਮ ਹੈ। ਉਨ੍ਹਾਂ ਇਸ ਪ੍ਰੋਗਰਾਮ ਦੀ ਲੋੜ ਅਤੇ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟਾਏ। ਡਾਇਰੈਕਟੋਰੇਟ, ਅੰਤਰ ਰਾਸ਼ਟਰੀ ਮਾਮਲੇ ਦੇਕੋਆਰਡੀਨੇਟਰ ਡਾ. ਜਗਪ੍ਰੀਤ ਕੌਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਰਾਜਵਿੰਦਰ ਕੌਰ ਬਾਠ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।

Related Post