
ਗੈਸ ਏਜੰਸੀ ਵਰਕਰ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਵਲੋਂ ਪਟਿਆਲਾ ਲੇਬਰ ਕੋਰਟ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਜ਼ਦੂਰ
- by Jasbeer Singh
- May 1, 2025

ਗੈਸ ਏਜੰਸੀ ਵਰਕਰ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਵਲੋਂ ਪਟਿਆਲਾ ਲੇਬਰ ਕੋਰਟ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਪਟਿਆਲਾ, 1 ਮਈ 2025 : ਪਟਿਆਲਾ ਦੀ ਲੇਬਰ ਕੋਰਟ ਕੰਪਲੈਕਸ ਵਿੱਚ ਗੈਸ ਏਜੰਸੀ ਵਰਕਰ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ ਤੇ ਪਟਿਆਲਾ ਲੇਬਰ ਕੋਰਟ ਵਿਖੇ ਅੰਤਰਰਾਸ਼ਟਰੀ ਮਜਦੂਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਟਿਆਲਾ ਤੋਂ ਜਿਲ੍ਹੇ ਭਰ ਦੀਆਂ ਗੈਸ ਏਜੰਸੀਆਂ ਤੋਂ ਇਕੱਠੇ ਹੋਏ ਵਰਕਰਾਂ, ਪੈਨਸ਼ਨਰ ਐਸੋਸੀਏਸ਼ਨ ਦੇ ਕਾਰਕੁੰਨਾਂ, ਬਿਜਲੀ ਮੁਲਜ਼ਮਾਂ, ਅਤੇ ਵਿਦਿਆਰਥੀਆਂ ਵੱਲੋਂ ਲੇਬਰ ਕੋਰਟ ਵਿੱਚ ਮਜ਼ਦੂਰਾਂ ਦਾ ਝੰਡਾ ਚੜ੍ਹਾਇਆ ਗਿਆ। ਪ੍ਰੋਗਰਾਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਅਵਤਾਰ ਸਿੰਘ ਵੱਲੋਂ ਨਿਭਾਈ ਗਈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਬੋਧਨ ਕਰਦਿਆਂ 1886 ਵਿੱਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਦੇ ਮਾਰਚ ਉੱਪਰ ਗੋਲੀਆਂ ਚਲਾ ਕੇ ਸ਼ਹੀਦ ਕੀਤੀ ਘਟਨਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਸ ਸਮੇਂ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕਾਰਖਾਨਿਆਂ ਵਿੱਚ ਮਜ਼ਦੂਰਾਂ ਤੋਂ 15-15 ਘੰਟੇ ਵੀ ਕੰਮ ਕਰਵਾਇਆ ਜਾਂਦਾ ਸੀ ਅਤੇ ਉਹਨਾਂ ਦੇ ਕੋਈ ਜਮਹੂਰੀ ਅਧਿਕਾਰ ਵੀ ਨਹੀਂ ਸਨ। ਸ਼ਿਕਾਗੋ ਦੇ ਸ਼ਹੀਦਾਂ ਨੇ ਮਜ਼ਦੂਰਾਂ ਲਈ ਅੱਠ ਘੰਟੇ ਕੰਮ, ਅੱਠ ਘੰਟੇ ਆਰਾਮ ਅਤੇ ਅੱਠ ਘੰਟੇ ਮਨੋਰੰਜਨ ਦਾ ਨਾਅਰਾ ਦਿੱਤਾ। ਇਸਦੇ ਨਾਲ ਹੀ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਅਤੇ ਆਪਣੀਆਂ ਸਮੱਸਿਆਵਾਂ ਰੱਖਣ ਦੇ ਅਧਿਕਾਰ ਵੀ ਲੈ ਕੇ ਦਿੱਤੇ। ਬੁਲਾਰਿਆਂ ਨੇ ਕਿਹਾ ਕਿ ਅੱਜ ਵਿਗਿਆਨ ਦੇ ਤਰੱਕੀ ਕਰਨ ਨਾਲ ਮਸ਼ੀਨੀਕਰਨ ਹੋਇਆ ਹੈ ਜਿਸ ਕਾਰਨ ਚਾਹੀਦਾ ਤਾਂ ਇਹ ਹੈ ਕਿ ਮਜ਼ਦੂਰਾਂ ਦੇ ਕੰਮ ਦੇ ਘੰਟੇ ਘਟਾਏ ਜਾਣ ਪਰ ਇਸਦੇ ਉਲਟ ਭਾਰਤ ਦੀ ਭਾਜਪਾ ਸਰਕਾਰ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਦੇ ਕੰਮ ਘੰਟੇ 8 ਤੋਂ 12 ਕਰਨ ਲੱਗੀ ਹੈ। ਇਸਦੇ ਨਾਲ ਹੀ ਉਹਨਾਂ ਜਥੇਬੰਦੀਆਂ ਬਣਾਉਣ ਅਤੇ ਧਰਨਾ ਪ੍ਰਦਰਸ਼ਨ ਕਰਨ ਦੇ ਅਧਿਕਾਰਾਂ ਨੂੰ ਵੀ ਖੋਹਿਆ ਜਾ ਰਿਹਾ ਹੈ। ਭਾਜਪਾ ਸਰਕਾਰ ਦਾ ਇਹ ਮਜ਼ਦੂਰ ਵਿਰੋਧੀ ਕਿਰਦਾਰ ਹੈ ਅਤੇ ਉਹ ਪੂੰਜੀਪਤੀਆਂ ਦੀ ਸੇਵਾ ਵਿੱਚ ਲੱਗੀ ਹੈ। ਅੱਜ ਦੇਸ਼ ਦੇ ਆਮ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉੱਤੇ ਦੂਜੇ ਪਾਸੇ ਆਮ ਲੋਕਾਂ ਦੇ ਪੈਸੇ ਵਿੱਚੋਂ ਪੂੰਜੀਪਤੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਬੁਲਾਰਿਆਂ ਨੇ ਮਜ਼ਦੂਰਾਂ ਨੂੰ ਇੱਕ ਹੋ ਜਾਣ ਦਾ ਸੱਦਾ ਦਿੰਦਿਆਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਿਸ ਕਰਵਾਉਣ ਲਈ ਇਕਜੁਟ ਹੋ ਕੇ ਸੰਘਰਸ਼ ਦਾ ਸੱਦਾ ਦਿੰਦੀਆਂ ਪ੍ਰੋਗਰਾਮ ਦਾ ਸਮਾਪਣ ਕੀਤਾ। ਇਸ ਮੌਕੇ ਗੈਸ ਏਜੰਸੀ ਵਰਕਰ ਯੂਨੀਅਨ ਤੋਂ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਸਤਪਾਲ ਸਿੰਘ, ਧੀਰਜ ਕੁਮਾਰ, ਕੇਸਰ ਸਿੰਘ, ਸਤਿਗੁਰ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ, ਸੰਤਰਾਮ ਚੀਮਾ ਸਰਕਰ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਪਟਿਆਲਾ, ਰਾਮ ਚੰਦ ਬਖਸ਼ੀਵਾਲਾ ਸਰਕਲ ਸੱਕਤਰ ਪੈਨਸ਼ਨਰ ਐਸੋਸੀਏਸ਼ਨ, ਅਮਨ ਜਨਰਲ ਸਕੱਤਰ ਪੀ.ਐਸ.ਯੂ, ਮੰਗਤ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਸੁਰਿੰਦਰ ਸਿੰਘ ਖਾਲਸਾ ਕੀਰਤੀ ਕਿਸਾਨ ਯੂਨੀਅਨ, ਗੁਰਚਰਨ ਸਿੰਘ ਡਕੌਂਦਾ, ਸ੍ਰੀਨਾਥ ਇਫਟੂ ਇੰਚਾਰਜ ਪੰਜਾਬ, ਵਜੀਰ ਸਿੰਘ ਪੈਨਸ਼ਨਰ ਐਸੋਸੀਏਸ਼ਨ, ਪ੍ਰਮੋਦ ਕੌਂਸਲ ਪੈਨਸ਼ਨਰ ਐਸੋਸੀਏਸ਼ਨ, ਠਾਣਾ ਸਿੰਘ ਪੈਨਸ਼ਨਰ ਐਸੋਸੀਏਸ਼ਨ ਆਦਿ ਹਾਜਰ ਹੋਏ।