post

Jasbeer Singh

(Chief Editor)

Patiala News

ਗੁਰੂਆਂ ਅਤੇ ਮਹਾਨ ਸ਼ਖਸੀਅਤਾਂ ਦੀਆਂ ਯਾਦਗਾਰਾਂ, ਸੰਘਰਸ਼ ਅਤੇ ਆਦਰਸ਼ਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣਾ ਜ਼ਰੂਰੀ : ਸਾਬਕਾ ਮੰ

post-img

ਗੁਰੂਆਂ ਅਤੇ ਮਹਾਨ ਸ਼ਖਸੀਅਤਾਂ ਦੀਆਂ ਯਾਦਗਾਰਾਂ, ਸੰਘਰਸ਼ ਅਤੇ ਆਦਰਸ਼ਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣਾ ਜ਼ਰੂਰੀ : ਸਾਬਕਾ ਮੰਤਰੀ ਕੰਵਰ ਪਾਲ - ਹਰਿਆਣਾ ਸਰਕਾਰ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਸਮਾਰਕ ਦੇ ਵਿਕਾਸ ਲਈ ਵਚਨਬੱਧ : ਪ੍ਰਭਲੀਨ ਸਿੰਘ, ਓ.ਐਸ.ਡੀ. ਪਟਿਆਲਾ, 7 ਜੂਨ : ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰੱਸਟ ਵਲੋਂ ਅੱਜ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਦੇ 309ਵੇਂ ਸ਼ਹੀਦੀ ਦਿਵਸ ਦੇ ਮੌਕੇ ਉਨ੍ਹਾਂ ਦੇ ਜੀਵਨ ਅਤੇ ਵਿਰਾਸਤ 'ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਸਾਬਕਾ ਮੰਤਰੀ ਕੰਵਰ ਪਾਲ ਗੁਰਜਰ ਸਮੇਤ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰੱਸਟ ਦੇ ਸੰਸਥਾਪਕ ਮੈਂਬਰਾਂ, ਇਤਿਹਾਸਕਾਰਾਂ ਅਤੇ ਹੋਰ ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਜੀਵਨੀ, ਵਿਰਾਸਤ ਅਤੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਾਬਕਾ ਮੰਤਰੀ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਨਿਗਰਾਨੀ ਕਮੇਟੀ ਦੇ ਚੇਅਰਮੈਨ ਕਵਰ ਪਾਲ ਗੁਰਜਰ ਨੇ ਸੈਮੀਨਾਰ ਵਿਚ ਹਾਜ਼ਰੀ ਭਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਵਿਸ਼ੇਸ਼ ਯਤਨਾਂ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰੱਸਟ ਦੀ ਸਥਾਪਨਾ ਕੀਤੀ ਗਈ ਅਤੇ ਇਤਿਹਾਸਕ ਮਹੱਤਵ ਵਾਲੇ ਲੋਹਗੜ੍ਹ ਸਮਾਰਕ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਗੁਰੂਆਂ ਅਤੇ ਮਹਾਨ ਸ਼ਖਸੀਅਤਾਂ ਦੀਆਂ ਯਾਦਾਂ, ਸੰਘਰਸ਼ ਅਤੇ ਆਦਰਸ਼ਾਂ ਨੂੰ ਨੌਜਵਾਨ ਪੀੜ੍ਹੀ ਤਕ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਅਸਲ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਕਿ ਕਿਸ ਤਰ੍ਹਾਂ ਗੁਰੂਆਂ ਅਤੇ ਮਹਾਨ ਯੋਧਿਆਂ ਨੇ ਦੇਸ਼, ਧਰਮ ਅਤੇ ਇਨਸਾਫ ਦੀ ਲੜਾਈ ਲੜੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗੁਰੂਆਂ ਅਤੇ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਨੂੰ ਸਕੂਲਾਂ ਦੀਆਂ ਕਿਤਾਬਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਓ.ਐਸ.ਡੀ. ਪ੍ਰਭਲੀਨ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰੱਸਟ ਰਾਹੀਂ ਲੋਹਗੜ੍ਹ ਸਮਾਰਕ ਦੇ ਵਿਕਾਸ ਲਈ ਵਚਨਬੱਧ ਹੈ, ਤਾਂ ਜੋ ਸਾਡੀ ਨੌਜਵਾਨ ਅਤੇ ਆਉਣ ਵਾਲੀ ਪੀੜ੍ਹੀ ਲੋਹਗੜ੍ਹ ਦੇ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਸ਼ਹੀਦੀ ਬਾਰੇ ਜਾਣ ਸਕਣ। ਉਨ੍ਹਾਂ ਨੇ ਗੁਰੂ ਰਵਿੰਦਰ ਨਾਥ ਟੈਗੋਰ ਵਲੋਂ ਲਿਖੀ ਇਕ ਕਵਿਤਾ ਰਾਹੀਂ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹੀਦੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਵੀਰਤਾ ਤੇ ਸੰਘਰਸ਼ ਨੂੰ ਨਮਨ ਕੀਤਾ। ਮੁੱਖ ਬੁਲਾਰੇ ਅਤੇ ਇਤਿਹਾਸਕਾਰ ਡਾ. ਸੁਖਦਿਆਲ ਸਿੰਘ ਨੇ ਦੱਸਿਆ ਕਿ ਹਰਿਆਣਾ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਸੰਬੰਧਤ ਕਈ ਥਾਵਾਂ ਹਨ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦੁਰ ਸਿੱਖ ਸੈਨਾਨਾਇਕ ਸਨ ਅਤੇ ਪਹਿਲੇ ਅਜਿਹੇ ਸਿੱਖ ਸਨ ਜਿਨ੍ਹਾਂ ਨੇ ਮੁਗਲਾਂ ਨੂੰ ਹਰਾਕੇ ਉਨ੍ਹਾਂ ਦੇ ਅਜੇਯ ਹੋਣ ਦੇ ਭ੍ਰਮ ਨੂੰ ਤੋੜਿਆ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ 'ਤੇ ਬਾਬਾ ਬੰਦਾ ਸਿੰਘ ਬਹਾਦੁਰ ਪੰਜਾਬ ਗਏ ਅਤੇ ਸਿੱਖਾਂ ਦੇ ਸਹਿਯੋਗ ਨਾਲ ਸੜੌਰਾ, ਸਰਹਿੰਦ, ਰਾਹੋਂ ਸਮੇਤ ਹੋਰ ਥਾਵਾਂ 'ਤੇ ਫਤਿਹ ਹਾਸਿਲ ਕਰਦਿਆਂ ਸਤਲੁਜ ਦਰਿਆ ਦੇ ਦੱਖਣ 'ਚ ਸਿੱਖ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਖਾਲਸਾ ਦੇ ਨਾਮ ਤੇ ਰਾਜ ਕੀਤਾ ਅਤੇ ਗੁਰੂਆਂ ਦੇ ਨਾਮ ਦੇ ਸਿੱਕੇ ਜਾਰੀ ਕੀਤੇ। ਬਾਬਾ ਬੰਦਾ ਸਿੰਘ ਬਹਾਦੁਰ ਨੇ ਜਮੀਦਾਰੀ ਪ੍ਰਥਾ ਦਾ ਅੰਤ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਵੰਡ ਕੇ ਉਨ੍ਹਾਂ ਨੂੰ ਜਾਗੀਰਦਾਰਾਂ ਅਤੇ ਜਮੀਨਦਾਰਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਇਆ। ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰੱਸਟ ਦੇ ਸੰਸਥਾਪਕ ਮੈਂਬਰ ਐਸ.ਐਸ. ਪਾਹਵਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ ਬਣਾਈ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਲੋਹਗੜ੍ਹ ਨੂੰ ਦੁਨੀਆ ਦੇ ਨਕਸ਼ੇ ਉੱਤੇ ਲਿਆਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਇਸ ਦੇ ਵਿਕਾਸ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦੁਰ ਦਾ ਜਨਮ ਚਨਾਬ ਦਰਿਆ ਦੇ ਕੰਢੇ ਸਾਲ 1670 ਵਿੱਚ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾਂ ਲਕਸ਼ਮਣ ਦੇਵ ਸੀ। ਪੰਦਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇਕ ਗਰਭਵਤੀ ਹਿਰਣੀ ਦਾ ਸ਼ਿਕਾਰ ਕੀਤਾ ਜਿਸਦਾ ਉਨ੍ਹਾਂ ਦੇ ਮਨ 'ਤੇ ਡੂੰਘਾ ਅਸਰ ਪਿਆ ਅਤੇ ਉਨ੍ਹਾਂ ਨੇ ਘਰ-ਪਰਿਵਾਰ ਛੱਡ ਕੇ ਬੈਰਾਗੀ ਜ਼ਿੰਦਗੀ ਅਪਣਾ ਲਈ ਅਤੇ ਉਨ੍ਹਾਂ ਦਾ ਨਾਂ ਮਾਧੋਦਾਸ ਬੈਰਾਗੀ ਪੈ ਗਿਆ। ਉਹ ਕੁੱਝ ਸਮਾਂ ਪੰਚਵਟੀ (ਨਾਸਿਕ) ਰਹੇ। ਉੱਥੋਂ ਜੋਗ ਦੀ ਸਿੱਖਿਆ ਲੈ ਕੇ ਉਹ ਨਾਂਦੇੜ ਖੇਤਰ ਚਲੇ ਗਏ ਅਤੇ ਗੋਦਾਵਰੀ ਦਰਿਆ ਦੇ ਕੰਢੇ ਇਕ ਆਸ਼ਰਮ ਦੀ ਸਥਾਪਨਾ ਕੀਤੀ। ਨਾਂਦੇੜ ਵਿੱਚ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸਿੱਖ ਬਣਾਕੇ ਉਨ੍ਹਾਂ ਦਾ ਨਾਂ ਬੰਦਾ ਸਿੰਘ ਬਹਾਦੁਰ ਰੱਖਿਆ। ਇਸ ਸੈਮੀਨਾਰ ਵਿਚ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਅਤੇ ਵਿਰਾਸਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੈਮੀਨਾਰ ਵਿਚ ਸੀਈਓ ਜ਼ਿਲਾ ਪਰਿਸ਼ਦ ਵੀਰਿੰਦਰ ਸਿੰਘ ਢੁੱਲ, ਡੀਆਈਪੀਆਰਓ ਡਾ. ਮਨੋਜ ਕੁਮਾਰ, ਡਾ. ਸੁਖਦਿਆਲ ਸਿੰਘ, ਐਸ.ਐਸ. ਪਾਹਵਾ, ਕਾਲਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੋਹਰ, ਉਪ ਪ੍ਰਧਾਨ ਆਰ.ਐੱਸ. ਭੱਟੀ, ਫਾਇਨੈਂਸ ਸਕੱਤਰ ਅਮਰਦੀਪ ਸਿੰਘ, ਮੈਂਬਰ ਡਾ. ਬੀ.ਐੱਸ. ਗਾਬਾ, ਕਾਲਜ ਪ੍ਰਿੰਸੀਪਲ ਡਾ. ਪ੍ਰਤਿਮਾ ਸ਼ਰਮਾ, ਡਾ. ਕੈਥਰੀਨ ਮਸੀਹ, ਸਹਾਇਕ ਪ੍ਰੋ. ਡਾ. ਅਨੁਰਾਗ, ਡਾ. ਕਿਰਣ ਪਾਲ ਸਿੰਘ ਵਿਰਕ, ਡਾ. ਤਿਲਕ ਰਾਜ, ਮਨੀਸ਼ਾ ਸਮੇਤ ਹੋਰ ਵਿਸ਼ੇਸ਼ ਮਹਿਮਾਨ ਅਤੇ ਕਾਲਜ ਸਟਾਫ ਮੌਜੂਦ ਸੀ ।

Related Post