
'ਕੰਮ-ਕਾਜ ਵਾਲ਼ੀਆਂ ਥਾਵਾਂ ਉੱਤੇ ਮਾਨਸਿਕ ਸਿਹਤ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ'
- by Jasbeer Singh
- October 10, 2024

'ਕੰਮ-ਕਾਜ ਵਾਲ਼ੀਆਂ ਥਾਵਾਂ ਉੱਤੇ ਮਾਨਸਿਕ ਸਿਹਤ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ' -ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਕਰਵਾਏ ਸੈਮੀਨਾਰ ਵਿੱਚ ਬੁਲਾਰਿਆਂ ਨੇ ਪ੍ਰਗਟਾਏ ਵਿਚਾਰ ਪਟਿਆਲਾ, 10 ਅਕਤੂਬਰ : 'ਕੰਮ-ਕਾਜ ਵਾਲ਼ੀਆਂ ਥਾਵਾਂ ਉੱਤੇ ਮਾਨਸਿਕ ਸਿਹਤ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ਼ ਜਿੱਥੇ ਕਰਮਚਾਰੀਆਂ ਦੀ ਮਾਨਸਿਕ ਤੰਦਰੁਸਤੀ ਬਣੀ ਰਹਿੰਦੀ ਹੈ ਉੱਥੇ ਹੀ ਸੰਬੰਧਤ ਕੰਮ-ਕਾਜ ਦੀ ਸਿਰਜਣਾਤਮਕਤਾ ਵਿੱਚ ਵੀ ਵਾਧਾ ਹੁੰਦਾ ਹੈ।' ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਮਾਨਸਿਕ ਸਿਹਤ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸੈਮੀਨਾਰ ਦੌਰਾਨ ਬੁਲਾਰਿਆਂ ਵੱਲੋਂ ਪ੍ਰਗਟਾਏ ਗਏ। ਵਿਭਾਗ ਮੁਖੀ ਡਾ. ਦਮਨਜੀਤ ਕੌਰ ਸੰਧੂ ਨੇ ਦੱਸਿਆ ਕਿ ਸੰਸਾਰ ਪੱਧਰ ਉੱਤੇ ਇਸ ਵਾਰ ਵਿਸ਼ਵ ਮਾਨਸਿਕ ਸਿਹਤ ਦਿਵਸ ਦੀ ਥੀਮ ਇਸ ਵਿਸ਼ੇ ਨਾਲ਼ ਸੰਬੰਧਤ ਉਲੀਕਿਆ ਗਿਆ ਹੈ ਕਿ ਕੰਮ-ਕਾਜ ਵਾਲ਼ੀਆਂ ਥਾਵਾਂ ਉੱਤੇ ਮਾਨਸਿਕ ਸਿਹਤ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਤਾਜ਼ਾ ਅੰਕੜਿਆਂ ਅਨੁਸਾਰ 45 ਫ਼ੀਸਦੀ ਕਰਮਚਾਰੀ ਅਜਿਹੇ ਹਨ ਜੋ ਹਰੇਕ ਐਤਵਾਰ ਦੀ ਸ਼ਾਮ ਨੂੰ ਚਿੰਤਾ ਵਾਲ਼ੀ ਅਵਸਥਾ ਵਿੱਚ ਹੁੰਦੇ ਹਨ। ਇਸ ਦਾ ਭਾਵ ਹੈ ਕਿ ਕੰਮ-ਕਾਜ ਵਾਲ਼ੀਆਂ ਥਾਵਾਂ ਵਿੱਚ ਸਥਿਤੀਆਂ ਨੂੰ ਬਿਹਤਰ ਕਰਨ ਦੀ ਲੋੜ ਹੈ। ਬੱਬੂ ਤੀਰ ਦੇ ਨਾਮ ਨਾਲ਼ ਪ੍ਰਸਿੱਧ ਪੰਜਾਬ ਪਬਲਿਕ ਸਰਵਿਸਜ਼ ਕਮਿਸ਼ਨ ਦੇ ਮੌਜੂਦਾ ਮੈਂਬਰ ਹਰਮੋਹਨ ਕੌਰ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਾਨਸਿਕ ਤੌਰ ਉੱਤੇ ਮਜ਼ਬੂਤ ਰਹਿਣ ਲਈ ਕੰਮ-ਕਾਜ ਵਾਲ਼ੀਆਂ ਥਾਵਾਂ ਅਤੇ ਰਿਸ਼ਤਿਆਂ ਵਿੱਚ ਈਮਾਨਦਾਰ ਅਤੇ ਦਲੇਰ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਮੱਸਿਆ ਦਾ ਕੋਈ ਹੱਲ ਹੁੰਦਾ ਹੈ। ਕੋਈ ਵੀ ਜਿੰਦਰਾ ਅਜਿਹਾ ਨਹੀਂ ਜਿਸ ਦੀ ਚਾਬੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਹੁੰਦੀਆਂ ਹਨ। ਜ਼ਿੰਦਗੀ ਨੇ ਕਿਸੇ ਨਾਲ਼ ਸੌਖ ਦਾ ਕਰਾਰ ਨਹੀਂ ਕੀਤਾ ਹੁੰਦਾ। ਇਸ ਲਈ ਸਾਨੂੰ ਛੋਟੀਆਂ ਛੋਟੀਆਂ ਸਮੱਸਿਆਵਾਂ ਲਈ ਆਪਣੇ ਆਪ ਨੂੰ ਤਿਆਰ ਰਖਦਿਆਂ ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਦੂਸਰੇ ਮਾਹਿਰ ਡਾ. ਸੁਖਤੇਜ ਸਾਹਨੀ ਨੇ ਆਪਣੇ ਸੰਬੋਧਨ ਦੌਰਾਨ ਕੰਮ-ਕਾਜ ਵਾਲ਼ੀ ਥਾਂ ਉੱਤੇ ਕਰਮਚਾਰੀਆਂ ਦੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਿਹਾਰਕ ਕਿਸਮ ਦੇ ਸੁਝਾਅ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਇੱਕ ਤਾਜ਼ਾ ਰਿਪੋਰਟ ਦਸਦੀ ਹੈ ਕਿ 60 ਫ਼ੀਸਦੀ ਏਸ਼ੀਅਨ ਕਰਮਚਾਰੀ ਆਪਣੀ ਨੌਕਰੀ ਦੇ ਹਰੇਕ ਸਾਲ ਪਿਛਲੇ ਸਾਲ ਤੋਂ ਵਧੇਰੇ ਤਣਾਅ ਅਤੇ ਦਬਾਅ ਵਿੱਚ ਮਹਿਸੂਸ ਕਰਦੇ ਹਨ। ਅਜਿਹੀ ਸਥਿਤੀ ਦੇ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਸੰਬੰਧੀ ਇੱਕ ਵਿਸ਼ੇਸ਼ ਨੀਤੀ ਬਣਾਏ ਜਾਣ ਅਤੇ ਇਸ ਨੂੰ ਲਾਗੂ ਕੀਤੇ ਜਾਣ ਦੀ ਲੋੜ ਹੈ। ਕੰਮ-ਕਾਜ ਵਾਲ਼ੀ ਥਾਂ ਉੱਤੇ ਖੁੱਲ੍ਹੀ ਗੱਲਬਾਤ ਵਾਲ਼ਾ ਮਾਹੌਲ ਸਿਰਜਿਆ ਜਾਣਾ ਜ਼ਰੂਰੀ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਤੰਦਰੁਸਤ ਮਾਨਸਿਕ ਸਿਹਤ ਲਈ ਸਰੀਰਿਕ ਤੰਦਰੁਸਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਭਾਗ ਅਧਿਆਪਕ ਡਾ. ਸੰਗੀਤਾ ਟਰਾਮਾ ਅਤੇ ਡਾ. ਹਰਪ੍ਰੀਤ ਕੌਰ ਵੱਲੋਂ ਪ੍ਰੋਗਰਾਮ ਦੇ ਥੀਮ ਬਾਰੇ ਭਾਸ਼ਣ ਦਿੱਤਾ ਗਿਆ। ਧੰਨਵਾਦੀ ਭਾਸ਼ਣ ਸੋਸ਼Lਲ ਸਾਇੰਸਜ਼ ਫ਼ੈਕਲਟੀ ਦੇ ਡੀਨ ਡਾ. ਡੀ. ਪੀ. ਮੋਰ ਵੱਲੋਂ ਦਿੱਤਾ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦਾ ਕਾਰਜ ਡਾ. ਇੰਦਰਪ੍ਰੀਤ ਸੰਧੂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਆਯੋਜਨ ਵਿੱਚ ਡਾ. ਤਾਰਿਕਾ ਸੰਧੂ ਅਤੇ ਡਾ. ਸੁਖਮਿੰਦਰ ਕੌਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।
Related Post
Popular News
Hot Categories
Subscribe To Our Newsletter
No spam, notifications only about new products, updates.