
ਪੰਜਾਬੀ ਯੂਨੀਵਰਸਿਟੀ ਵਿਖੇ ਜੇ. ਐੱਨ. ਯੂ. ਦਿੱਲੀ ਤੋਂ ਪੁੱਜੇ ਬੁਲਾਰੇ ਨੇ ਦਿੱੱਤਾ ਭਾਸ਼ਣ
- by Jasbeer Singh
- October 22, 2024

ਪੰਜਾਬੀ ਯੂਨੀਵਰਸਿਟੀ ਵਿਖੇ ਜੇ. ਐੱਨ. ਯੂ. ਦਿੱਲੀ ਤੋਂ ਪੁੱਜੇ ਬੁਲਾਰੇ ਨੇ ਦਿੱੱਤਾ ਭਾਸ਼ਣ -'ਖੇਤੀ ਸੰਕਟ ਤੋਂ ਵਿਕਾਸ ਸੰਕਟ ਤੱਕ: ਵਿਸ਼ਵੀਕਰਨ ਦੇ ਦੌਰ ਵਿੱਚ ਭਾਰਤ' ਵਿਸ਼ੇ 'ਤੇ ਕੀਤੀ ਗੱਲ ਪਟਿਆਲਾ, 22 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਅਰਥ ਵਿਗਿਆਨ ਵਿਭਾਗ ਨੇ ਯੋਜਨਾ ਕਮਿਸ਼ਨ ਚੇਅਰ ਅਤੇ ਆਰਥਿਕ ਤਬਦੀਲੀ ਲਈ ਖੋਜ ਕੇਂਦਰ ਦੇ ਸਹਿਯੋਗ ਨਾਲ ਸੀ.ਈ.ਐੱਸ.ਪੀ., ਜੇ.ਐੱਨ.ਯੂ., ਨਵੀਂ ਦਿੱਲੀ ਤੋਂ ਪੁੱਜੇ ਪ੍ਰੋ. ਸੁਰਾਜੀਤ ਮਜ਼ੂਮਦਾਰ ਦਾ ਭਾਸ਼ਣ ਕਰਵਾਇਆ ਗਿਆ। ਅਰਥ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਜਸਦੀਪ ਸਿੰਘ ਤੂਰ ਨੇ ਦੱਸਿਆ ਕਿ ਬੁਲਾਰੇ ਵੱਲੋਂ 'ਖੇਤੀ ਸੰਕਟ ਤੋਂ ਵਿਕਾਸ ਸੰਕਟ ਤੱਕ: ਵਿਸ਼ਵੀਕਰਨ ਦੇ ਦੌਰ ਵਿੱਚ ਭਾਰਤ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ । ਪ੍ਰੋ. ਸੁਰਾਜੀਤ ਮਜ਼ੂਮਦਾਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਰਤੀ ਅਰਥਵਿਵਸਥਾ ਵਿੱਚ ਖੇਤੀ ਸੰਕਟ 'ਤੇ ਕੇਂਦਰਿਤ ਹੁੰਦਿਆਂ ਕੀਤੀ। ਉਨ੍ਹਾਂ ਭਾਰਤੀ ਪ੍ਰਸੰਗ ਵਿੱਚ ਖੇਤੀ ਤੋਂ ਵਿਕਾਸ ਤੱਕ ਦੇ ਸੰਕਟ ਦੇ ਸਫ਼ਰ ਦੀ ਡੂੰਘਾਈ ਨਾਲ਼ ਚਰਚਾ ਕੀਤੀ । ਉਨ੍ਹਾਂ ਉਜਾਗਰ ਕੀਤਾ ਕਿ ਕਿਵੇਂ ਸਮੇਂ ਦੇ ਨਾਲ ਅਸਮਾਨਤਾਵਾਂ ਵਧੀਆਂ ਹਨ, ਵਿਕਾਸ ਮਾਡਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਸਫਲ ਰਿਹਾ ਹੈ, ਅਤੇ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਬਹੁਗਿਣਤੀ ਅਨਿਯਮਿਤ ਅਤੇ ਘੱਟ ਉਜਰਤ ਕਮਾਈ ਦੇ ਨਾਲ ਗੈਰ ਰਸਮੀ ਖੇਤਰ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ 1991-92 ਤੋਂ ਬਾਅਦ ਨਿਰਯਾਤ ਤਾਂ ਵਧਿਆ ਪਰ ਆਯਾਤ ਵੱਡੇ ਪੱਧਰ 'ਤੇ ਵਧਿਆ । ਉੱਚ ਵਿਕਾਸ ਦੇ ਬਾਵਜੂਦ, ਮੁੱਖ ਤੌਰ 'ਤੇ ਸੇਵਾ ਖੇਤਰ ਵਿੱਚ, ਵਾਧੂ ਮਜ਼ਦੂਰਾਂ ਨੂੰ ਖੇਤੀਬਾੜੀ ਤੋਂ ਉਦਯੋਗਿਕ ਖੇਤਰ ਵਿੱਚ ਤਬਦੀਲ ਨਹੀਂ ਕੀਤਾ ਗਿਆ ਹੈ, ਅਤੇ ਸੇਵਾ ਖੇਤਰ ਨੌਕਰੀਆਂ ਪੈਦਾ ਕਰਨ ਵਿੱਚ ਅਸਫਲ ਰਿਹਾ ਹੈ । ਸੈਸ਼ਨ ਦੀ ਸਮਾਪਤੀ ਡਾ. ਸਰਬਜੀਤ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਵੱਡਮੁੱਲੀ ਜਾਣਕਾਰੀ ਦੇਣ ਲਈ ਆਏ ਮਹਿਮਾਨਾਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਉਪਰੰਤ ਮੌਜੂਦਾ ਭਾਰਤੀ ਸਥਿਤੀ 'ਤੇ ਚਰਚਾ ਵਿੱਚ ਹਿੱਸਾ ਲੈਣ ਲਈ ਨੌਜਵਾਨ ਖੋਜਾਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ ।