

ਪੀਆਰਟੀਸੀ ਦੇ ਮੁਲਾਜ਼ਮਾਂ ਨੇ ਸਮਾਣਾ-ਪਾਤੜਾ ਸੜਕ ਤੇ ਪਿੰਡ ਮਵੀਕਲਾਂ ਪੁਲੀਸ ਚੌਕੀ ਅੱਗੇ ਬੱਸਾਂ ਖੜ੍ਹਾ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕੈਂਟਰ ਚਾਲਕ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਵਿਚਕਾਰ ਤਕਰਾਰ ਤੋਂ ਬਾਅਦ ਕੈਂਟਰ ਚਾਲਕ ਨੇ ਸਾਥੀਆਂ ਸਣੇ ਕੀਤੀ ਕੁੱਟਮਾਰ ਕਾਰਨ ਜ਼ਖ਼ਮੀ ਹੋਏ ਕੰਡਕਟਰ ਦੀ ਪੁਲੀਸ ਵੱਲੋਂ ਕੋਈ ਸੁਣਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਜਾਮ ਲਗਾਇਆ ਤੇ ਇਨਸਾਫ਼ ਦੀ ਮੰਗ ਕੀਤੀ। ਘੰਟਾ ਭਰ ਲਗਾਏ ਇਸ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਦੁਪਹਿਰ ਸਮੇਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਵਾਹਨਾਂ ਵਿੱਚ ਸਵਾਰ ਸਵਾਰੀਆਂ ਨੂੰ ਤਪਦੀ ਗਰਮੀ ਦਾ ਸਾਹਮਣਾ ਕਰਨਾ ਪਿਆ। ਜਾਮ ਨੂੰ ਐੱਸਐੱਚਓ ਸਦਰ ਅਵਤਾਰ ਸਿੰਘ ਨੇ ਧਾਰਾਵਾਂ ਵਿੱਚ ਵਾਧਾ ਕਰਨ ਦਾ ਲਿਖਤੀ ਭਰੋਸਾ ਦੇ ਕੇ ਖੁੱਲ੍ਹਵਾਇਆ। ਮਵੀ ਕਲਾਂ ਚੌਕੀ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।