
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਦੀ ਮੀਟਿੰਗ
- by Jasbeer Singh
- April 24, 2025

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਦੀ ਮੀਟਿੰਗ - ਜੇਕਰ ਸਿੰਡੀਕੇਟ ਮੀਟਿੰਗ ਵਿਚ ਇੰਕ੍ਰੀਮੇਟ ਨੂੰ ਬਹਾਲ ਕੀਤਾ ਤਾਂ ਕਰਾਂਗੇ ਸੰਘਰਸ਼ : ਆਗੂ ਪਟਿਆਲਾ, 24 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਜਸ਼ਨਦੀਪ ਕੌਰ 14 ਸਤੰਬਰ, 2023 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਜਸ਼ਨਦੀਪ ਕੌਰ ਦੇ ਪਰਿਵਾਰ ਅਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਵੱਲੋ ਮਾਨਸਿਕ ਪ੍ਰੇਸ਼ਾਨ ਕਰਨ ਕਰਕੇ ਉਸ ਦੀ ਮੌਤ ਹੋਈ ਸੀ। ਉਸ ਦੇ ਇਨਸਾਫ਼ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਗਵਾਈ ਵਿੱਚ ਬਣੇ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵੱਲੋਂ ਲੰਮਾ ਸੰਘਰਸ਼ ਕੀਤਾ ਗਿਆ ਸੀ। ਉਸ ਸਮੇ ਦੌਰਾਨ ਯੂਨੀਵਰਸਿਟੀ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਵਿੱਚ ਉਸ ਪ੍ਰੋਫੈਸਰ ਦਾ ਵਿਵਹਾਰ ਅਧਿਆਪਕ ਦੇ ਪੱਧਰ ਤੋਂ ਨੀਵਾ ਅਤੇ ਅਸ਼ਲੀਲ ਪਾਇਆ ਗਿਆ ਸੀ, ਜਿਸ ਉਪਰੰਤ ਜਸ਼ਨਦੀਪ ਕੌਰ ਇੰਸਾਫ਼ ਮੋਰਚੇ ਨੇ 8 ਨਵੰਬਰ 2023 ਨੂੰ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕੀਤਾ ਗਿਆ ਸੀ, ਉਸੇ ਦਿਨ ਸਬੰਧਿਤ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਕੱੁਝ ਸਰਤਾਂ ਉੱਪਰ 26 ਫਰਵਰੀ 2024 ਨੂੰ ਬਹਾਲ ਕਰ ਦਿੱਤਾ ਗਿਆ ਸੀ ਅਤੇ ਇੰਕਰੀਮੈਂਟ ਵੀ ਕੱਟੇ ਗਏ ਸਨ। ਆਗੂਆਂ ਨੇ ਕਿਹਾ ਕਿ ਉਨਾਂ ਨੂੰ ਪਤਾ ਲੱਗਾ ਹੈ ਕਿ 25 ਅਪ੍ਰੈਲ ਨੂੰ ਹੋਣ ਵਾਲੀ ਸਿੰਡੀਕੇਟ ਮੀਟਿੰਗ ਵਿੱਚ ਇੰਕਰੀਮੈਟ ਨੂੰ ਬਹਾਲ ਕੀਤਾ ਜਾ ਰਿਹਾ ਹੈ ਅਤੇ ਮੁਅੱਤਲ ਸਮੇ ਨੂੰ ਡਿਊਟੀ ਪੀਰੀਅਡ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਯੂਨੀਵਰਸਿਟੀ ਦੇ ਖਰਾਬ ਹੋਏ ਮਾਹੌਲ ਲਈ ਯੂਨੀਵਰਸਿਟੀ ਪ੍ਰਸਾਸਨ ਜ਼ਿੰਮੇਵਾਰ ਹੋਵੇਗਾ ਅਤੇ ਮੋਰਚੇ ਵੱਲੋਂ ਸਿੰਡੀਕੇਟ ਚੇਅਰਮੈਨ ਸਮੇਤ ਸਾਰੇ ਮੈਂਬਰਾਂ ਦੇ ਪੁਤਲੇ ਫੂਕੇ ਜਾਣਗੇ।