
ਜਸਵਿੰਦਰ ਸਿੰਘ ਨੇ ਗੁਰਦੁਆਰਾ ਘੋੜਿਆਂ ਵਾਲਿਆਂ ਦੇ ਮੈਨੇਜਰ ਵਜੋਂ ਸੰਭਾਲਿਆ ਕਾਰਜਭਾਰ
- by Jasbeer Singh
- May 2, 2025

ਜਸਵਿੰਦਰ ਸਿੰਘ ਨੇ ਗੁਰਦੁਆਰਾ ਘੋੜਿਆਂ ਵਾਲਿਆਂ ਦੇ ਮੈਨੇਜਰ ਵਜੋਂ ਸੰਭਾਲਿਆ ਕਾਰਜਭਾਰ ਸੇਵਾ ਤੇ ਸਿਮਰਨ ਕਰਨ ਵਾਲਾ ਮਨੁੱਖ ਪਰਮਾਤਮਾ ਦੇ ਨੇੜੇ ਪਹੁੰਚਦਾ- ਜੋਗੀ ਨਾਨੋਕੀ ਨਾਭਾ, 2 ਮਈ : ਵਿਸ਼ਵ ਪ੍ਰਸਿੱਧ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਦੇ ਨਵ-ਨਿਯੁਕਤ ਮੈਨੇਜਰ ਜਸਵਿੰਦਰ ਸਿੰਘ ਪਟਿਆਲਾ ਨੇ ਆਪਣਾ ਅਹੁਦਾ ਕਾਰਜਕਾਰ ਸੰਭਾਲ ਲਿਆ ਹੈ। ਨਵ-ਨਿਯੁਕਤ ਮੈਨੇਜਰ ਜਸਵਿੰਦਰ ਸਿੰਘ ਦੇ ਕਾਰਜਕਾਰ ਸੰਭਾਲਣ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਉੱਘੇ ਸਿੱਖ ਚਿੰਤਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਡੈਲੀਗੇਟ ਮੈਂਬਰ ਸ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਹੋਣਹਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ 'ਤੇ ਨਵ ਨਿਯੁਕਤ ਮੈਨੇਜਰ ਜਸਵਿੰਦਰ ਸਿੰਘ ਪਟਿਆਲਾ ਨੂੰ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਦੇ ਪ੍ਰਬੰਧ ਦੀ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ । ਉੱਘੇ ਸਿੱਖ ਚਿੰਤਕ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਪ੍ਰਧਾਨ ਜੋਗੀ ਨਾਨੋਕੀ ਵੱਲੋਂ ਮੈਨੇਜਰ ਜਸਵਿੰਦਰ ਸਿੰਘ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਭੇਂਟ ਕਰਕੇ ਅਹੁਦੇ 'ਤੇ ਬਿਠਾਇਆ ਗਿਆ।ਇਸ ਮੋਕੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੈਨੇਜਰ ਜਸਵਿੰਦਰ ਸਿੰਘ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਬਾਬਾ ਅਜਾਪਾਲ ਸਿੰਘ ਜੀ ਦੇ ਪਾਵਨ ਅਸਥਾਨ 'ਤੇ ਮੁੱਖ ਪ੍ਰਬੰਧਕ ਵਜੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਲਗਨ, ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਾਂਗਾ । ਸਿੱਖ ਚਿੰਤਕ ਜੋਗੀ ਨਾਨੋਕੀ ਨੇ ਕਿਹਾ ਕਿ ਜਿੱਧਰ ਦੇਖੋ, ਹਰ ਜੀਵ ਇਸ ਮਾਤ ਲੋਕ 'ਤੇ ਚਿੰਤਾ 'ਚ ਫਸਿਆ ਹੋਇਆ ਨਜ਼ਰ ਆਉਂਦਾ ਹੈ। ਚਿੰਤਾ ਦੁੱਖ ਅਤੇ ਕਲੇਸ਼ ਨੇ ਮਨੁੱਖ ਦੇ ਜੀਵਨ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਹੈ ਕਿ ਉਸਨੂੰ ਸੁਖ ਅਤੇ ਸ਼ਾਂਤੀ ਦੀ ਮੰਗਣ ਲਈ ਬਹੁਤ ਦੂਰ ਤੱਕ ਜਾਣਾ ਪੈਂਦਾ ਹੈ, ਪਰ ਇਹ ਚਿੰਤਾ ਤੇ ਦੁੱਖ ਤਦ ਹੀ ਖਤਮ ਹੋ ਸਕਦੇ ਹਨ, ਜਦੋਂ ਜੀਵ ਪਰਮਾਤਮਾ ਦੀ ਬਾਣੀ ਨਾਲ ਜੁੜਦਾ ਹੈ । ਗੁਰੂ ਦੀ ਬਾਣੀ ਅੰਮ੍ਰਿਤ ਵਰਗਾ ਮਿੱਠਾ ਸੱਚ ਹੈ ਜੋ ਸਾਡੇ ਮਨ ਨੂੰ ਸ਼ਾਂਤੀ ਅਤੇ ਸਦੀਵ ਸੁੱਖ ਪ੍ਰਦਾਨ ਕਰਦਾ ਹੈ। ਪ੍ਰਧਾਨ ਜੋਗੀ ਨਾਨੋਕੀ ਨੇ ਕਿਹਾ ਕਿ ਜਿਹੜਾ ਵੀ ਜੀਵ ਸੱਚੇ ਮਨ ਨਾਲ ਗੁਰੂ ਦੇ ਦਰ 'ਤੇ ਮੱਥਾ ਟੇਕਦਾ ਹੈ, ਉਸ ਦੇ ਹਿਰਦੇ 'ਚ ਸੁੱਖ ਅਤੇ ਸ਼ਾਂਤੀ ਦਾ ਵਾਸ ਹੋ ਜਾਂਦਾ ਹੈ । ਸੱਚਾਈ, ਸੇਵਾ ਅਤੇ ਸਿਮਰਨ ਕਰਨ ਵਾਲਾ ਮਨੁੱਖ ਪਰਮਾਤਮਾ ਦੇ ਨੇੜੇ ਪਹੁੰਚਦਾ ਹੈ । ਜੋਗੀ ਬਾਈ ਨਾਨੋਕੀ ਨੇ ਕਿਹਾ ਕਿ ਸੱਚਾ ਸੁਖ ਮੋਹ-ਮਾਇਆ ਦੇ ਪਿੱਛੇ ਭੱਜਣ ਨਾਲ ਨਹੀਂ, ਸਗੋਂ ਗੁਰਮਤਿ ਦੇ ਰਾਹ 'ਤੇ ਤੁਰਨ ਨਾਲ ਮਿਲਦਾ ਹੈ । ਇਸ ਮੌਕੇ ਸਾਬਕਾ ਸਰਪੰਚ ਤੇ ਸਾਬਕਾ ਚੇਅਰਮੈਨ ਛੱਜੂ ਸਿੰਘ ਮਾਂਗੇਵਾਲ, ਗਮਦੂਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।