
ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਜੱਜ ਕ੍ਰਿਸ਼ਨਕੁਮਾਰ ਦੀ ਸਿਫ਼ਾਰਸ਼
- by Jasbeer Singh
- November 19, 2024

ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਜੱਜ ਕ੍ਰਿਸ਼ਨਕੁਮਾਰ ਦੀ ਸਿਫ਼ਾਰਸ਼ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਕੌਲਿਜੀਅਮ ਨੇ ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਮਦਰਾਸ ਹਾਈ ਕੋਰਟ ਦੇ ਜੱਜ ਡੀ. ਕ੍ਰਿਸ਼ਨ ਕੁਮਾਰ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ । ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਹੇਠਲੇ ਕੌਲਿਜੀਅਮ ਨੇ ਅੱਜ ਮੀਟਿੰਗ ਕਰਕੇ ਇਸ ਸਬੰਧੀ ਫ਼ੈਸਲਾ ਲਿਆ । ਕੌਲਿਜੀਅਮ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ ਜਸਟਿਸ ਸਿਧਾਰਥ ਮ੍ਰਿਦੁਲ ਦੇ 21 ਨਵੰਬਰ ਨੂੰ ਸੇਵਾਮੁਕਤ ਹੋਣ ’ਤੇ ਖਾਲੀ ਹੋਵੇਗਾ। ਜਸਟਿਸ ਡੀ. ਕ੍ਰਿਸ਼ਨ ਕੁਮਾਰ ਨੂੰ ਮਦਰਾਸ ਹਾਈ ਕੋਰਟ ਦਾ 7 ਅਪਰੈਲ 2016 ਨੂੰ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ ਉਹ 21 ਮਈ, 2025 ਨੂੰ ਸੇਵਾਮੁਕਤ ਹੋਣਗੇ। ਕੌਲਿਜੀਅਮ ਨੇ ਕਿਹਾ ਕਿ ਡੀ. ਕ੍ਰਿਸ਼ਨ ਕੁਮਾਰ ਹਾਈ ਕੋਰਟ ’ਚ ਸੀਨੀਅਰ ਜੱਜ ਹਨ ਅਤੇ ਉਹ ਪੱਛੜੇ ਵਰਗ ਨਾਲ ਸਬੰਧਤ ਹਨ। ਹਾਈ ਕੋਰਟ ਦਾ ਜੱਜ ਬਣਨ ਤੋਂ ਪਹਿਲਾਂ ਉਨ੍ਹਾਂ ਕੋਲ ਸਿਵਲ, ਸੰਵਿਧਾਨਕ ਅਤੇ ਸੇਵਾ ਮਾਮਲਿਆਂ ’ਚ ਕੇਸਾਂ ਦਾ ਵਧੀਆ ਤਜਰਬਾ ਰਿਹਾ ਹੈ ।