
'ਸਫ਼ਰ- ਏ- ਫ਼ਖ਼ਰ' ਦੀ ਲੜੀ ਤਹਿਤ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿੱਚ ਆਯੋਜਿਤ ਕਵੀ ਦਰਬਾਰ
- by Jasbeer Singh
- May 24, 2025

'ਸਫ਼ਰ- ਏ- ਫ਼ਖ਼ਰ' ਦੀ ਲੜੀ ਤਹਿਤ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿੱਚ ਆਯੋਜਿਤ ਕਵੀ ਦਰਬਾਰ ਅੱਜ ‘150 ਸਾਲਾ ਸਫ਼ਰ-ਏ-ਫ਼ਖ਼ਰ’ ਦੀ ਲੜੀ ਤਹਿਤ ਮਹਿੰਦਰਾ ਕਾਲਜ, ਪਟਿਆਲਾ ਵਿਖੇ ਭਾਸ਼ਾ ਵਿਭਾਗ, ਪੰਜਾਬ ਅਤੇ ਪਾਲ ਭਾਟੀਆ, ਕੈਨੇਡਾ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਮਨਿੰਦਰ ਸਿੱਧੂ ਦੀ ਅਗਵਾਈ ਵਿਚ ਕਰਵਾਏ ਗਏ ਇਸ ਕਵੀ ਦਰਬਾਰ ਵਿਚ ਪੰਜਾਬੀ ਦੇ ਪ੍ਰਸਿੱਧ ਕਵੀ ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਸਰਬਜੀਤ ਜੱਸ ਤੇ ਅਜੀਤਪਾਲ ਜਟਾਣਾ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਮਨਿੰਦਰ ਕੌਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਲਈ ਸਵਾਗਤੀ ਸ਼ਬਦ ਕਹਿੰਦਿਆਂ ਕਵਿਤਾ ਦੀ ਅਹਿਮੀਅਤ ਉਤੇ ਚਰਚਾ ਕੀਤੀ। ਸਮਾਗਮ ਦੀ ਸ਼ੁਰੂਆਤ ਹਾਲ ਹੀ ਵਿੱਚ ਵਿਛੜੇ ਲਹਿੰਦੇ ਪੰਜਾਬ ਦੇ ਕਵੀ ਤਜੱਮਲ ਕਲੀਮ ਅਤੇ ਚੜ੍ਹਦੇ ਪੰਜਾਬ ਦੇ ਚਿੰਤਕ ਡਾ. ਰਤਨ ਸਿੰਘ ਜੱਗੀ ਨੂੰ ਨਮਨ ਕਰਦਿਆਂ ਕੀਤੀ ਗਈ। 'ਕਾਵਿ-ਉਚਾਰਨ' ਦਾ ਮੁੱਢ ਬੰਨ੍ਹਦਿਆਂ ਸਰਬਜੀਤ ਕੌਰ ਜੱਸ ਨੇ ਔਰਤ ਸੰਬੰਧੀ ਸਮਾਜਿਕ ਪ੍ਰਤਿਮਾਨਾਂ, ਕਿਸਾਨੀ ਜਮਾਤ ਦੇ ਪਰਵਾਸ, ਲਹਿੰਦੇ ਪੰਜਾਬ ਨਾਲ ਜੁੜੇ ਸਭਿਆਚਾਰਕ ਅਵਚੇਤਨ ਤੇ ਨਸ਼ਿਆਂ ਗ੍ਰਸਤ ਨੌਜਵਾਨੀ ਨੂੰ ਸੰਬੋਧਿਤ ਹੁੰਦੀ ਕਵਿਤਾ ਪੜ੍ਹੀ। ਅਜੀਤਪਾਲ ਜਟਾਣਾ ਦੀ ਕਵਿਤਾ ਨੇ ਮੰਜ਼ਿਲ ਦੇ ਮੁਕਾਬਲੇ ਰਾਹ/ਰਸਤੇ ਅਤੇ ਨਾਉਮੀਦੀ/ਨਿਰਾਸ਼ਾ ਦੀ ਥਾਂ ਉਮੀਦ/ਆਸ ਨੂੰ ਦਰਸਾਇਆ। ਬਲਵਿੰਦਰ ਸੰਧੂ ਦੀ ਕਵਿਤਾ ਆਪਣੀ ਲੈਆਤਮਕਤਾ ਸਹਿਤ ਆਦਮ ਤੇ ਹਵਾ ਦੇ ਰੂਪਕਾਂ ਦੁਆਰਾ ਧਰਤੀ ਉੱਤੇ ਰੁੱਖਾਂ ਰੂਪੀ ਗਹਿਣਿਆਂ ਦੀ ਮੰਗ ਕਰਦੀ ਹੈ। ਫਿਰ ਦਰਸ਼ਨ ਬੁੱਟਰ ਦੀ ਕਵਿਤਾ ਮਨੁੱਖ ਅੰਦਰਲੇ ਭਰੱਪਣ ਤੇ ਖਾਲੀਪਣ ਦੀ ਬਾਤ ਪਾਉਂਦੀ, ਪਤਨੀ ਰੂਪੀ ਸਾਥੀ ਦੀ ਜ਼ਿੰਦਗੀ 'ਚ ਹੋਂਦ ਤੇ ਅਣਹੋਂਦ ਕਰਕੇ ਹੋਣ ਵਾਲੀ ਉਥਲ-ਪੁਥਲ ਨਾਲ ਵਾਬਸਤਗੀ ਜਤਾਉਂਦੀ ਹੈ। ਗੁਰਤੇਜ ਕੋਹਾਰਵਾਲਾ ਦੀ ਕਵਿਤਾ ਕਹੇ ਪਿੱਛੇ ਅਣਕਹੇ ਅਤੇ ਕੱਥ ਦੀ ਥਾਂ ਅਕੱਥ ਨੂੰ ਆਪਣਾ ਮਰਕਜ਼ ਬਣਾਉਂਦੀ ਹੈ। ਕਾਵਿ-ਉਚਾਰਨ ਦੇ ਸਿਖਰ ਵਿਚ ਵਿਜੇ ਵਿਵੇਕ ਬਿਰਹਨ ਦੇ ਦੁੱਖ ਦੀ ਸ਼ਬਦ ਤੋਂ ਪਾਰਗਾਮਤਾ ਤੇ ਉਸ ਦੀ ਵੇਦਨਾ ਨੂੰ ਆਪਣੀ ਕਵਿਤਾ ਵਿੱਚ ਜ਼ੁਬਾਨ ਦਿੰਦਾ ਹੈ। ਕਾਲਜ ਦੇ ਅਧਿਆਪਕ ਸ.ਪ੍ਰੋ. ਸੁਖਵਿੰਦਰ ਸਿੰਘ ਸੁੱਖੀ ਨੇ ਵੀ ਇਸ ਮੌਕੇ ਮਹਿੰਦਰਾ ਕਾਲਜ ਦੇ ਇਤਿਹਾਸਕ ਪਿਛੋਕੜ ਤੇ ਇਸਦੀ ਵਿੱਦਿਅਕ ਖੇਤਰ 'ਚ ਦਾਤ ਨੂੰ ਦਰਸਾਉਂਦੀ ਕਵਿਤਾ ਪੜ੍ਹੀ। ਪ੍ਰੋ. ਸ਼ਵਿੰਦਰ ਸਿੰਘ ਰੇਖੀ ਨੇ ਕਵੀਆਂ ਦੇ 'ਨਿੱਜ' ਦੇ ਨਾਲ-ਨਾਲ 'ਪਰ' ਪ੍ਰਤੀ ਸੰਵੇਦਨਸ਼ੀਲ ਹੋਣ ਦੀ ਗੱਲ ਕਰਦਿਆਂ ਹਾਜ਼ਰ ਸਖ਼ਸ਼ੀਅਤਾਂ ਲਈ ਧੰਨਵਾਦ ਮਤਾ ਪੇਸ਼ ਕੀਤਾ। ਕਵੀ ਦਰਬਾਰ ਵਿੱਚ ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਸ.ਪ੍ਰੋ. ਸੁਖਚੈਨ ਸਿੰਘ ਨੇ ਕੀਤਾ। ਇਸ ਮੌਕੇ ਕਾਲਜ ਕੌਂਸਲ ਦੇ ਮੈਂਬਰਜ, ਸਾਬਕਾ ਵਿਦਿਆਰਥੀ, ਕਾਲਜ ਫੈਕਲਟੀ, ਕਾਲਜ ਸਟਾਫ਼ ਅਤੇ ਵਿਦਿਆਰਥੀ ਸਮੇਤ ਸ਼ਹਿਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਮੌਜੂਦ ਸਨ। ਪ੍ਰੋਗਰਾਮ ਵਿਚ ਖ਼ਾਲਸਾ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਬਿਕਰਮ ਕਾਲਜ ਆਫ਼ ਕਾਮਰਸ ਅਤੇ ਸਰਕਾਰੀ ਕਾਲਜ ਲੜਕੀਆਂ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਲਈ ਪਹੁੰਚੇ।
Related Post
Popular News
Hot Categories
Subscribe To Our Newsletter
No spam, notifications only about new products, updates.