
ਸਿਹਤਮੰਦ ਪੁਲਿਸ ਤਾਂ ਸੁਰੱਖਿਅਤ ਸਮਾਜ ਦੇ ਮੱਦੇਨਜ਼ਰ ਪਟਿਆਲਾ ਰੇਂਜ ਦੇ ਸਾਰੇ ਜ਼ਿਲ੍ਹਿਆਂ ‘ਚ ਲਗਾਏ ਜਾਣਗੇ ਮੁਫ਼ਤ ਕੈਂਸਰ
- by Jasbeer Singh
- January 5, 2025

ਸਿਹਤਮੰਦ ਪੁਲਿਸ ਤਾਂ ਸੁਰੱਖਿਅਤ ਸਮਾਜ ਦੇ ਮੱਦੇਨਜ਼ਰ ਪਟਿਆਲਾ ਰੇਂਜ ਦੇ ਸਾਰੇ ਜ਼ਿਲ੍ਹਿਆਂ ‘ਚ ਲਗਾਏ ਜਾਣਗੇ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ : ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ -ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਪਟਿਆਲਾ ਪੁਲਿਸ ਲਾਇਨ ਵਿਖੇ ਲਾਏ ਕੈਂਪ ‘ਚ 696 ਪੁਲਿਸ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਦੇ ਟੈਸਟ ਪਟਿਆਲਾ, 5 ਜਨਵਰੀ : ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਿਹਤਮੰਦ ਪੁਲਿਸ ਤਾਂ ਸੁਰੱਖਿਅਤ ਸਮਾਜ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਜਨਤਕ ਤੰਦਰੁਸਤੀ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪਟਿਆਲਾ ਰੇਂਜ ਦੇ ਸਾਰੇ ਜ਼ਿਲ੍ਹਿਆਂ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਵਿਖੇ ਵੀ ਕੁਲਵੰਤ ਸਿੰਘ ਧਾਲੀਵਾਲ ਯੂਕੇ ਦੀ ਅਗਵਾਈ ਹੇਠਲੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ । ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਪੁਲਿਸ ਲਾਇਨ, ਪਟਿਆਲਾ ਵਿਖੇ ਕੁਲਵੰਤ ਸਿੰਘ ਧਾਲੀਵਾਲ ਯੂਕੇ ਦੀ ਅਗਵਾਈ ਹੇਠ ‘ਜਾਗਰੂਕਤਾ ਹੀ ਸ਼ਕਤੀਕਰਨ ਹੈ’ ਤਹਿਤ ਸਮੂਹ ਪੁਲਿਸ ਕਰਮਚਾਰੀਆਂ/ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਲਗਾਏ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਦਾ ਉਦਘਾਟਨ ਕਰ ਰਹੇ ਸਨ । ਇਸ ਮੌਕੇ ਉਨ੍ਹਾਂ ਦੇ ਨਾਲ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਵੀ ਮੌਜੂਦ ਸਨ । ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਦੀ ਮਹੱਤਤਾ ਸਬੰਧੀ ਜਾਣੂੰ ਕਰਵਾਇਆ ਅਤੇ ਦਿਨੋਂ–ਦਿਨ ਵੱਧ ਰਹੀ ਇਸ ਕੈਂਸਰ ਦੀ ਬਿਮਾਰੀ ਲਈ ਟੈਸਟ ਕਰਵਾਉਣ ਦੀ ਅਹਿਮੀਅਤ ਸਬੰਧੀ ਵੀ ਜਾਗਰੂਕ ਕੀਤਾ । ਮਨਦੀਪ ਸਿੰਘ ਸਿੱਧੂ ਨੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ ਯੂਕੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅੱਜ ਇਸ ਕੈਂਪ ਲਈ ਵਿਸ਼ੇਸ਼ ਤੌਰ ‘ਤੇ ਯੂ.ਕੇ. ਤੋਂ ਪਹੁੰਚੇ ਹਨ ਅਤੇ ਨਿਰਸਵਾਰਥ ਸੇਵਾਵਾਂ ਨਿਭਾਅ ਰਹੇ ਹਨ ਜੋ ਕਿ ਸਮਾਜ ਭਲਾਈ ਲਈ ਬਹੁਤ ਵਧੀਆ ਉਪਰਾਲਾ ਹੈ । ਡੀ. ਆਈ. ਜੀ. ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਜਿੱਥੇ ਆਪਣੇ ਮੁਲਾਜ਼ਮਾਂ ਦੀ ਸਿਹਤ ਸੰਭਾਲ ਪ੍ਰਤੀ ਵਚਨਬੱਧ ਹੈ ਉੱਥੇ ਹੀ ਆਮ ਲੋਕਾਂ ਦੀ ਭਲਾਈ ਲਈ ਵੀ ਯਤਨਸ਼ੀਲ ਹੈ। ਇਸ ਲਈ ਜਿਹੜੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੱਜ ਟੈਸਟਾਂ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਦੀ ਸਹੂਲਤ ਲਈ ਰੇਂਜ ਦੇ ਬਾਕੀ ਜ਼ਿਲ੍ਹਿਆਂ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ । ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇ ਇਸ ਕੈਂਪ ਦੌਰਾਨ ਜਿੱਥੇ ਕੈਂਸਰ ਜਾਂਚ ਦੇ ਨਾਲ-ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਅੱਖਾਂ ਦੀ ਜਾਂਚ ਅਤੇ ਹੋਰ ਜਨਰਲ ਸਿਹਤ ਜਾਂਚ ਦੇ ਟੈਸਟ ਮੁਫ਼ਤ ਕੀਤੇ ਗਏ ਹਨ । ਇਸ ਮੌਕੇ ਡੀ. ਆਈ. ਜੀ. ਸਿੱਧੂ ਤੇ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਕੁਲਵੰਤ ਸਿੰਘ ਧਾਲੀਵਾਲ ਨੂੰ ਪੰਜਾਬ ਪੁਲਸ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ । ਯੂ.ਕੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੀਵਨਸ਼ੈਲੀ ਵਿੱਚ ਹੋਏ ਬਦਲਾਅ ਕਾਰਨ ਇਹ ਨਾ–ਮੁਰਾਦ ਬਿਮਾਰੀ ਦਿਨ–ਪ੍ਰਤੀ–ਦਿਨ ਆਪਣੇ ਪੈਰ ਪਸਾਰ ਰਹੀ ਹੈ। ਹਰ ਇੱਕ ਉਮਰ ਦੇ ਵਿਅਕਤੀ ਇਸ ਨਾ–ਮੁਰਾਦ ਬਿਮਾਰੀ ਦਾ ਸਿ਼ਕਾਰ ਹੋ ਰਹੇ ਹਨ। ਜਿਸ ਕਰਕੇ ਸਾਲ ਵਿੱਚ ਦੋ ਵਾਰ ਆਪਣੇ ਸਰੀਰ ਦੀ ਮੈਡੀਕਲ ਜਾਂਚ ਕਰਵਾਉਣੀ ਜਰੂਰੀ ਹੈ ਤਾਂ ਜੋ ਪਹਿਲੀ ਸਟੇਜ ਤੇ ਹੀ ਕੈਂਸਰ ਜਾਂ ਕਿਸੇ ਹੋਰ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਇਸਦੀ ਰੋਕਥਾਮ ਸਬੰਧੀ ਯੋਗ ਇਲਾਜ ਸ਼ੁਰੂ ਕੀਤਾ ਜਾ ਸਕੇ । ਉਨ੍ਹਾਂ ਨੇ ਦੱਸਿਆ ਕਿ ਉਹ ਇਨ੍ਹਾਂ ਟੈਸਟਾਂ ਨੂੰ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਆਪਣੀ ਮਾਹਿਰ ਡਾਕਟਰਾਂ ਦੀ ਟੀਮ ਅਤੇ 9 ਮੈਡੀਕਲ ਵੈਨਾਂ ਸਮੇਤ ਪੁਲਿਸ ਲਾਇਨ ਪਟਿਆਲਾ ਵਿਖੇ ਪੁੱਜੇ ਹਨ । ਇਸ ਕੈਂਪ ਦੌਰਾਨ ਕੁੱਲ 696 ਪੁਲਸ ਕਰਮਚਾਰੀਆਂ ਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿੱਚ 295 ਪੁਰਸ਼ ਅਤੇ 301 ਔਰਤਾਂ ਸ਼ਾਮਲ ਸਨ। 58 ਔਰਤਾਂ ਦੇ ਮੈਮੋਗ੍ਰਾਫ਼ੀ, 92 ਔਰਤਾਂ ਦੇ ਆਈ ਸਕੈਨ, 183 ਪੁਰਸ਼ਾਂ ਦੇ ਪੀ. ਐਸ. ਏ. ਟੈਸਟ ਅਤੇ 514 ਵਿਅਕਤੀਆਂ ਦੇ ਬੀ. ਐਮ. ਡੀ. ਟੈਸਟ ਕੀਤੇ ਗਏ।
Related Post
Popular News
Hot Categories
Subscribe To Our Newsletter
No spam, notifications only about new products, updates.