
ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਨਾਂ ਸਮਾਂ ਦਫਤਰ ਦੇ ਬਾਹਰ ਬਿਠਾ ਕੇ ਰੱਖਣ ਤੇ ਫਿਰ ਵੀ ਮੁਲਾਕਾਤ ਨਾ ਕਰਨਾ ਪ੍ਰਸ਼ਾ
- by Jasbeer Singh
- October 2, 2024

ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਨਾਂ ਸਮਾਂ ਦਫਤਰ ਦੇ ਬਾਹਰ ਬਿਠਾ ਕੇ ਰੱਖਣ ਤੇ ਫਿਰ ਵੀ ਮੁਲਾਕਾਤ ਨਾ ਕਰਨਾ ਪ੍ਰਸ਼ਾਸਨਿਕ ਅਧਿਕਾਰੀ ਦਾ ਗੈਰ ਜ਼ਿੰਮੇਵਾਰ ਵਤੀਰਾ ਹੈ ਤੇ ਆਹੁਦੇ ਦੀ ਤੋਹੀਨ ਵੀ ਹੈ : ਐਮ. ਪੀ. ਡਾ. ਗਾਂਧੀ ਪਟਿਆਲਾ : ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਦੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਦਫਤਰ ਦੇ ਬਾਹਰ ਦੋ ਘੰਟੇ ਉਡੀਕ ਕਰਨੀ ਪਈ। ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਤੋਹੀਨ ਸਮਝਦਿਆਂ ਡਾ. ਗਾਂਧੀ ਨੇ ਨਿਰਾਸ਼ ਹੋ ਕੇ ਪਰਤ ਗਏ। ਡਾ.ਧਮਰਵੀਰ ਗਾਂਧੀ ਨੇ ਦੱਸਿਆ ਕਿ ਡੀਸੀ ਨਾਲ ਮੁਲਾਕਾਤ ਲਈ ਪਹਿਲਾਂ ਸਮਾਂ ਲਿਆ ਗਿਆ ਸੀ, ਜਿਸਤੋਂ ਬਾਅਦ ਉਹ ਆਪਣੇ ਵਫਦ ਨਾਲ ਤੈਅ ਸਮੇਂ ਅਨੁਸਾਰ ਡੀਸੀ ਦਫਤਰ ਪੁੱਜੇ। ਇਥੇ ਪੁੱਜਣ ’ਤੇ ਡੀਸੀ ਦਫਤਰ ਵਿਚ ਨਾ ਹੋਣ ਦਾ ਪਤਾ ਲੱਗਿਆ, ਇਸਦੇ ਬਾਵਜੂਦ ਵੀ ਮੁਲਾਕਾਤ ਲਈ ਕੁਝ ਸਮਾਂ ਉਡੀਕ ਕਰਨਾ ਵਾਜਿਬ ਸਮਝਦਿਆਂ ਪਰ ਦੋ ਘੰਟੇ ਬੀਤ ਜਾਣ ਤੋਂ ਬਾਅਦ ਵੀ ਡਿਪਟੀ ਕਮਿਸ਼ਨਰ ਬਾਰੇ ਕੁਝ ਪਤਾ ਨਾ ਲੱਗਣ ’ਤੇ ਇਥੋਂ ਜਾਣਾ ਹੀ ਜਾਇਜ ਸਮਝਿਆ ਹੈ। ਡਾ. ਗਾਂਧੀ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਇਨਾਂ ਸਮਾਂ ਦਫਤਰ ਦੇ ਬਾਹਰ ਬਿਠਾ ਕੇ ਰੱਖਣ ਤੇ ਫਿਰ ਵੀ ਮੁਲਾਕਾਤ ਨਾ ਕਰਨਾ ਪ੍ਰਸ਼ਾਸਨਿਕ ਅਧਿਕਾਰੀ ਦਾ ਗੈਰ ਜ਼ਿੰਮੇਵਾਰ ਵਤੀਰਾ ਹੈ ਤੇ ਆਹੁਦੇ ਦੀ ਤੋਹੀਨ ਵੀ ਹੈ। ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਜਿਲ੍ਹੇ ਭਰ ਵਿਚ ਪੰਚਾਇਤੀ ਚੋਣਾਂ ਸਬੰਧੀ ਕਾਗਜ਼ ਭਰਨ ਵਿਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਸਰਪੰਚੀ ਦੇ ਚਾਹਵਾਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਹੈ, ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਦੋਸ਼ ਲਗਾਇਆ ਕਿ ਸਿਆਸੀ ਦਖਲ ਅੰਦਾਜੀ ਦਿਨੋਂ ਦਿਨ ਵਧ ਰਹੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਵੀ ਪੂਰਾ ਸਹਿਯੋਗ ਨਹੀਂ ਮਿਲ ਰਿਹਾ ਹੈ। ਜਿਸਦੀ ਤਾਜ਼ਾ ਉਦਾਹਰਣ ਬੀਡੀਪੀਓ ਭੁਨਰਹੇੜੀ ਦਫਤਰ ਵਿਚ ਵਾਪਰੀ ਘਟਨਾ ਹੈ। ਉਨਾਂ ਕਿਹਾ ਕਿ ਚੋਣ ਪ੍ਰੀਕ੍ਰਿਆ ਲਈ ਜਿੰਮੇਵਾਰ ਜਿਲ੍ਹਾ ਪ੍ਰਸਾਸ਼ਨ ਹੀ ਹੁੰਦਾ ਹੈ ਤੇ ਇਸ ਲਈ ਉਹ ਸਾਰੇ ਮਾਮਲੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਉਣ ਲਈ ਆਏ ਸਨ ਪਰ ਇਥੇ ਡੀਸੀ ਵਲੋਂ ਧੱਕੇਸ਼ਾਹੀਆਂ ਰੋਕਣਾ ਤਾਂ ਦੂਰ, ਮਿਲਣ ਤੋਂ ਵੀ ਭੱਜ ਰਹੇ ਹਨ। ਲੋਕ ਸਭਾ ਮੈਂਬਰ ਨੇ ਕਿਹਾ ਕਿ ਇਹ ਜਿਲ੍ਹਾ ਪ੍ਰਸ਼ਾਸਨ ਦਾ ਮਾੜਾ ਅਤੇ ਗੈਰ ਜਿੰਮੇਵਾਰ ਵਤੀਰਾ ਹੈ।ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੰਗ ਕੀਤੀ ਕਿ ਫਾਇਲਾਂ ਜਮਾਂ ਕਰਵਾਉਣ ਦਾ ਸਮਾਂ ਵਧਾਇਆ ਜਾਵੇ। ਜਿਹੜੇ ਉਮੀਦਵਾਰ ਫਾਇਲ ਜਮਾਂ ਕਰਵਾਉਣ ਲਈ ਚਾਰ ਅਕਤੂਬਰ ਤੱਕ ਪਹੁੰਚ ਜਾਣ, ਉਨਾਂ ਦੇ ਕਾਗਜ਼ ਜਮਾ ਕਰਵਾਉਣਾ ਲਾਜਮੀ ਹੋਵੇ। ਕਾਗਜ਼ ਭਰਨ ਸਮੇਂ ਤੇ ਕਾਗਜ਼ਾਂ ਦੀ ਜਾਂਚ ਪੜਤਾਲ ਸਮੇਂ ਅਤੇ ਵੋਟਿੰਗ ਸਮੇਂ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ। ਗਿਣਤੀ ਸਮੇਂ ਵੀ ਕੈਮਰੇ ਲਗਾਏ ਜਾਣ। ਡਾ. ਗਾਂਧੀ ਨੇ ਕਿਾਹ ਕਿ ਲੋਕਲ ਥਾਣਾ ਜਾਂ ਚੌਂਕੀ ਮੁਖੀ, ਲੀਡਰ ਅਤੇ ਭਗੌੜੇ ਵਿਅਕਤੀਆਂ ਦਾ 15 ਤਰੀਕ ਤੱਕ ਦਫਤਰ ਆਉਣਾ ਬੈਨ ਕੀਤਾ ਜਾਵੇ ਤੇ ਇਨਾ ਭਗੌੜੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਇਕ ਆਪਣਾ ਨੁਮਾਇੰਦਾ ਅਧਿਕਾਰਤ ਤੌਰ ’ਤੇ ਲਗਾਇਆ ਜਾਵੇ ਤਾਂ ਜੋ ਕਿਸੇ ਸਰਕਾਰੀ ਧੱਕੇਸ਼ਾਹੀ ਦੀ ਸਿੱਧੀ ਸ਼ਿਕਾਇਤ ਕੀਤੀ ਜਾ ਸਕੇ।ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਤੋਂ ਮੰਗ ਪੱਤਰ ਪ੍ਰਾਪਤ ਕਰਨ ਲਈ ਏ.ਡੀ.ਸੀ ਸ਼ਹਿਰੀ (ਵਿਕਾਸ) ਨਵਰੀਤ ਕੌਰ ਸੇਖੋਂ ਦੀ ਡਿਊਟੀ ਲਗਾਈ ਸੀ। ਡੀਸੀ ਅਨੁਸਾਰ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਹੀ ਝੋਨੇ ਦੀ ਖ਼ਰੀਦ ਬਾਰੇ ਨਾਭਾ ਮੰਡੀ ਵਿੱਚ ਇੱਕ ਮਸਲੇ ਦੇ ਹੱਲ ਲਈ ਸਵੱਛਤਾ ਹੀ ਸੇਵਾ ਦਾ ਸਮਾਗਮ ਚਲਦਾ ਹੀ ਛੱਡਕੇ ਜਾਣਾ ਪਿਆ ਸੀ। ਡਾ.ਪ੍ਰੀਤੀ ਯਾਦਵ ਨੇ ਕਿਹਾ ਕਿ ਮੰਗ ਪੱਤਰ ਵਿੱਚ ਦਰਸਾਈਆਂ ਮੱਦਾਂ ਬਾਰੇ ਰਾਜ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਜੋ ਕਾਰਵਾਈ ਜ਼ਿਲ੍ਹਾ ਪੱਧਰ ‘ਤੇ ਕਰਨੀ ਬਣਦੀ ਹੋਵੇਗੀ ਉਹ ਵੀ ਕੀਤੀ ਜਾਵੇਗੀ।