
ਖ਼ਾਲਸਾ ਕਾਲਜ ਪਟਿਆਲਾ ਵਲੋਂ ’ਬੋਲਣ ਦੇ ਹੁਨਰ ’ਤੇ ਸੱਤ ਦਿਨਾਂ ਸਿਖਲਾਈ ਪ੍ਰੋਗਰਾਮ’ ਦਾ ਅਯੋਜਨ
- by Jasbeer Singh
- September 11, 2024

ਖ਼ਾਲਸਾ ਕਾਲਜ ਪਟਿਆਲਾ ਵਲੋਂ ’ਬੋਲਣ ਦੇ ਹੁਨਰ ’ਤੇ ਸੱਤ ਦਿਨਾਂ ਸਿਖਲਾਈ ਪ੍ਰੋਗਰਾਮ’ ਦਾ ਅਯੋਜਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਅਤੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈਲ ਵੱਲੋਂ ’ਬੋਲਣ ਦੇ ਹੁਨਰਾਂ ’ਤੇ ਸੱਤ ਦਿਨਾਂ ਸਿਖਲਾਈ ਪ੍ਰੋਗਰਾਮ’ ਦਾ ਅੱਜ ਆਰੰਭ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਕਾਲਜ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਉਸਾਰੂ ਪੱਖ ਵੱਲ ਲਿਜਾਣ ਲਈ ਇਸ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਪੋਸਟ ਗ੍ਰੈਜੂਏਟ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਅਤੇ ਡਾ.ਗੰਡਾ ਸਿੰਘ ਕੈਰੀਅਰ ਗਾਈਡੈਂਸ ਤੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਮੌਜੂਦਾ ਮੁਕਾਬਲੇ ਦੀ ਸਥਿਤੀ ਵਿੱਚ ਬਹੁਤ ਮਹੱਤਵਪੂਰਨ ਹਨ ਅਤੇ ਵਿਦਿਆਰਥੀਆਂ ਲਈ ਅਣਗਿਣਤ ਤਰੀਕਿਆਂ ਨਾਲ ਬਹੁਤ ਮੱਦਦਗਾਰ ਹਨ।ਇਸ ਦੌਰਾਨ ਵਿਭਾਗ ਦੇ ਮੁਖੀ,ਕੰਟਰੋਲਰ ਪ੍ਰੀਖਿਆਵਾਂ, ਡੀਨ ਪਲੇਸਮੈਂਟ ਅਤੇ ਡੀਨ ਭਾਸ਼ਾਵਾਂ ਪ੍ਰੋ.ਜਸਪ੍ਰੀਤ ਕੌਰ, ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਨਿੱਖੜਵੇਂ ਹਨ। ਕਿਉਂਕਿ ਬੋਲਣ ਦੇ ਹੁਨਰ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਦਿਲ ਤੋਂ ਬੋਲਦੇ ਹਨ ਉਹ ਨਿਸ਼ਚਤ ਤੌਰ ’ਤੇ ਦੂਜਿਆਂ ’ਤੇ ਆਪਣੇ ਵਿਚਾਰਾਂ ਦੀ ਛਾਪ ਛੱਡਦੇ ਹਨ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਬਹੁਤ ਉੱਚਾ ਹੁੰਦਾ ਹੈ ਜੋ ਉਨ੍ਹਾਂ ਨੂੰ ਸਹਿਜਤਾ ਨਾਲ ਜ਼ਿੰਦਗੀ ਦੀਆਂ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ। ਡਾ.ਨਵਦੀਪ ਕੌਰ, ਕਨਵੀਨਰ, ਡਾ.ਗੰਡਾ ਸਿੰਘ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਨੇ ਪ੍ਰੋਗਰਾਮ ਵਿੱਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਦਾ ਮੁੱਖ ਮੰਤਵ ਬਹਿਸ ਅਤੇ ਭਾਸ਼ਣ ਦੀਆਂ ਚੀਜ਼ਾਂ ਵਿੱਚ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨਾ ਹੈ। ਪ੍ਰੋਗਰਾਮ ਦੇ ਪਹਿਲੇ ਦਿਨ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ।