post

Jasbeer Singh

(Chief Editor)

Patiala News

ਲੱਖਾਂ ਬੇਰੁਜ਼ਗਾਰ ਪਰ ਸਕੂਲਾਂ ‘ਚ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਫਿਰ ਵੀ ਖਾਲੀ: ਲੈਕਚਰਾਰ ਯੂਨੀਅਨ

post-img

ਲੱਖਾਂ ਬੇਰੁਜ਼ਗਾਰ ਪਰ ਸਕੂਲਾਂ ‘ਚ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਫਿਰ ਵੀ ਖਾਲੀ: ਲੈਕਚਰਾਰ ਯੂਨੀਅਨ ਪਟਿਆਲਾ 20 ਜੂਨ : ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ |ਇਸ ਮੀਟਿੰਗ ਵਿੱਚ ਪੰਜਾਬ ਵਿੱਚ ਸਕੂਲ ਸਿੱਖਿਆ ਦੇ ਸੰਬੰਧ ਵਿੱਚ ਚਰਚਾ ਕੀਤੀ ਗਈ |ਇਸ ਬਾਰੇ ਦੱਸਦੇ ਹੋਏ ਸੰਜੀਵ ਕੁਮਾਰ ਨੇ ਕਿਹਾ ਕਿ ਸਿੱਖਿਆ ਮਨੁੱਖ ਦੇ ਸਰਬਾਂਗੀ ਵਿਕਾਸ ਦਾ ਰਾਹ ਖੋਲ੍ਹਦੀ ਹੈ| ਇਸ ਲਈ ਸਿੱਖਿਆ ਅਧਾਰਿਆ(ਅਦਾਰਿਆਂ) ਦੀ ਪ੍ਰਬੰਧਕੀ ਪ੍ਰਣਾਲੀ ਦੀ ਮਜ਼ਬੂਤੀ, ਮਾਨਵੀ ਸੰਸਾਧਨ ਸੰਪਨਤਾ ਤੇ ਢਾਂਚਾਗਤ ਵਿਕਾਸ ਮਹੱਤਵਪੂਰਨ ਸਥਾਨ ਰੱਖਦਾ ਹੈ|ਪਿਛਲੇ ਸਮੇਂ ਵਿੱਚ ਪੰਜਾਬ ਦੇ ਸਕੂਲਾਂ ਦੇ ਢਾਂਚਾਗਤ ਵਿਕਾਸ ਦੇ ਵੱਡੇ ਯਤਨ ਹੋਏ ਜਿਨ੍ਹਾਂ ਨੂੰ ਬੂਰ ਵੀ ਪਿਆ ਹੈ|ਮਜੂਦਾ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਸਿੱਖਿਆ ਜ਼ਰੂਰਤਾਂ ਦਾ ਹਰ ਸਾਧਨ ਮੌਜੂਦ ਹੈ ਪਰ ਮਾਨਵੀ ਸੰਸਾਧਨਾ ਦੀ ਕਮੀ ਵੱਡੇ ਪੱਧਰ ਤੇ ਖਟਕਦੀ ਹੈ| ਅੱਜ ਵੀ ਪੰਜਵੀਂ ਤੱਕ ਅਧਿਆਪਕ- ਵਿਦਿਆਰਥੀ ਅਨੁਪਾਤ 1:30, ਦਸਵੀਂ ਤੱਕ ਇਹ ਅਨੁਪਾਤ 1:40 ਅਤੇ ਸੀਨੀਅਰ ਸੈਕੰਡਰੀ ਵਿੱਚ ਇਹ ਅਨੁਪਾਤ 1:50 ਹੈ ਜਿਸ ਵਿੱਚ 10 ਫੀਸਦੀ ਵਾਧਾ ਕਰਦੇ ਹੋਏ ਵਿਦਿਆਰਥੀਆਂ ਦੀ ਗਿਣਤੀ ਕ੍ਰਮਵਾਰ 33, 43 ਤੇ 55 ਤੱਕ ਹੋ ਸਕਦੀ ਹੈ| ਜਦੋਂ ਇਸ ਵਰਤਾਰੇ ਨੂੰ ਅਸੀਂ ਸਵਿਟਜ਼ਰਲੈਂਡ, ਫਿਨਲੈਂਡ ਜਾਂ ਵਲਾਇਤ ਨਾਲ਼ ਤੁਲਨਾਉਦੇ ਹਾਂ ਤਾਂ ਪੰਜਾਬ ਵਿੱਚ ਅਧਿਆਪਕ- ਸਿੱਖਿਆਰਥੀ ਸਿੱਖਿਆ ਅਨੁਪਾਤ ਬਹੁਤ ਜ਼ਿਆਦਾ ਅਸੰਤੁਲਿਤ ਨਜ਼ਰ ਆਉਂਦਾ ਹੈ ਤੇ ਇਹ ਅਨੁਪਾਤ ਕ੍ਰਮਵਾਰ 1:20, 1:30 ਅਤੇ 1:35 ਹੋਣਾ ਚਾਹੀਦਾ ਹੈ | ਇਸ ਦੇ ਨਾਲ਼ ਹੀ ਹੈਰਾਨੀਜਨਕ ਤੱਥ ਤਾਂ ਇਹ ਹੈ ਕਿ ਉਕਤ ਅਨੁਪਾਤ ਨਿਰਧਾਰਿਤ ਕਰਦੇ ਸਮੇਂ ਸਿੱਖਿਆਰਥੀਆਂ ਦੇ ਬੌਧਿਕ ਪੱਧਰ, ਮਨੋਅਵਸਥਾ, ਖੇਤਰੀ ਵੱਖਰੇਵੇਂ, ਸਕੂਲਾਂ ਵਿੱਚ ਕਮਰਿਆਂ ਦੀ ਸਮਰੱਥਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ|ਸਿੱਖਿਆਰਥੀ -ਅਧਿਆਪਕ ਅਨੁਪਾਤ ਦਰੁਸਤ ਕਰਨ ਨਾਲ਼ ਪੰਜਾਬ ਵਿੱਚ ਅਧਿਆਪਨ ਦੀਆਂ ਹਜਾਰਾਂ ਅਸਮੀਆਂ ਨਵੀਆਂ ਬਣਨਗੀਆਂ ਜਿਸ ਨਾਲ਼ ਬੇਰੁਜਗਾਰ ਅਧਿਆਪਕਾਂ ਲਈ ਨੌਕਰੀ ਦੇ ਮੌਕੇ ਪੈਦਾ ਹੋਣਗੇ | ਯੂਨੀਅਨ ਦੇ ਜਨਰਲ ਸਕੱਤਰ ਸ. ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਮਾਨਵ ਸੰਸਾਧਨ ਉਪਲਬਧ ਹਨ ਉਨ੍ਹਾਂ ਦੀਆਂ ਪੂਰੀਆਂ ਸੇਵਾਵਾਂ ਨਹੀਂ ਲਈਆਂ ਜਾ ਰਹੀਆਂ|ਪੰਜਾਬ ਵਿੱਚ ਅਧਿਆਪਨ ਦੀ ਯੋਗਤਾ ਪੂਰੀ ਕਰਨ ਵਾਲੇ ਲੱਖਾਂ ਬੇਰੁਜ਼ਗਾਰ ਉਮੀਦਵਾਰ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਈ ਟੀ ਟੀ, ਮਾਸਟਰ /ਮਿਸਟ੍ਰੈਸ, ਲੈਕਚਰਾਰ, ਸੀ ਐਂਡ ਵੀ ਦੀਆਂ ਅਸਾਮੀਆਂ ਖ਼ਾਲੀ ਹਨ| ਸੂਬਾ ਸਕੱਤਰ ਜਨਰਲ ਸ. ਰਵਿੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਸਹੀ ਅਰਥਾਂ ਵਿੱਚ ਸਿੱਖਿਆ ਕ੍ਰਾਂਤੀ ਵੱਲ ਲੈ ਕੇ ਜਾਣ ਲਈ ਸਰਕਾਰੀ ਸਕੂਲਾਂ ਵਿੱਚ ਸਕੂਲ ਮੁੱਖੀ ਦਾ ਹੋਣਾ ਅਤਿਅੰਤ ਜ਼ਰੂਰੀ ਹੈ ਜਦੋਂ ਕਿ ਵਿਭਾਗ ਇਸ ਪਾਸੇ ਕਾਰਜ ਕਰਨ ਤੋਂ ਅਵੇਸਲਾ ਹੈ|ਪੰਜਾਬ ਵਿੱਚ ਤਕਤੀਬਨ 1918 ਸੀਨੀਅਰ ਸੈਕੰਡਰੀ ਸਕੂਲ ਹਨ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜੋ ਪ੍ਰਿੰਸੀਪਲਾਂ ਵਿੱਚੋਂ ਲਗਦੇ ਹਨ ਦੀਆਂ 46 ਅਸਾਮੀਆਂ ਹਨ ਇਸ ਦੇ ਨਾਲ਼ ਹੀ ਚੰਡੀਗੜ੍ਹ ਵਿੱਚ ਪ੍ਰਿੰਸੀਪਲ ਦੀਆਂ 6 ਅਸਾਮੀਆਂ ਪ੍ਰਤੀ ਨਿਯੁਕਤੀ ਦੀਆਂ ਹਨ ਜੋ ਕੁੱਲ ਮਿਲਾ ਕੇ 1980 ਹੋਣੀਆਂ ਚਾਹੀਦੀਆਂ ਹਨ ਪਰ ਵਿਭਾਗ ਕੋਲ਼ ਪ੍ਰਿੰਸੀਪਲ ਦੀਆਂ ਕੁੱਲ 1950 ਅਸਾਮੀਆਂ ਦੀ ਮਨਜ਼ੂਰੀ ਹੈ ਜੋ ਵੱਖ ਵੱਖ ਡੀ ਪੀ ਸੀ ਅਤੇ ਮਾਨਯੋਗ ਉੱਚ ਅਦਾਲਤ ਵਿੱਚ ਦਰਸਾਈ ਗਈ ਹੈ|ਜ਼ਿਕਰਯੋਗ ਹੈ ਕਿ ਮਜੂਦਾ ਸਮੇਂ ਵਿੱਚ ਵਿਭਾਗ ਦੇ ਅਨੁਸਾਰ 890 ਦੇ ਕਰੀਬ ਪ੍ਰਿੰਸੀਪਲ ਦੀਆਂ ਪੋਸਟਾਂ ਖ਼ਾਲੀ ਹਨ ਜ਼ੇਕਰ ਸਕੂਲਾਂ ਦੀ ਗੱਲ ਕਰੀਏ ਤਾਂ 950 ਦੇ ਕਰੀਬ ਸਕੂਲ ਖ਼ਾਲੀ ਪਏ ਹਨ ਕਿਉਕਿ ਜ਼ਿਲ੍ਹਾ ਸਿੱਖਿਆ ਸੰਸਥਾਵਾਂ ਤੇ ਹੋਰ ਅਦਾਰਿਆਂ ਵਿੱਚ ਕੰਮ ਕਰ ਰਹੇ ਅਧਿਕਾਰੀ ਪ੍ਰਿੰਸੀਪਲ ਦੀਆਂ ਇਹਨਾਂ 1950 ਅਸਾਮੀਆਂ ਦਾ ਹਿੱਸਾ ਹਨ| ਇਸ ਮੀਟਿੰਗ ਬਾਰੇ ਦੱਸਦੇ ਹੋਏ ਸ. ਜਸਪਾਲ ਸਿੰਘ, ਸੰਗਰੂਰ ਨੇ ਕਿਹਾ ਕਿ ਸਿੱਖਿਆ ਅਦਾਰੇ ਵਿਦਿਆਰਥੀਆਂ ਦੀ ਭਲਾਈ ਲਈ ਹਨ ਪਰ ਅੱਜ ਦੇ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਤੇ ਲਗਾਤਾਰ ਫੀਸਾਂ ਦਾ ਬੋਝ ਵਧਾ ਰਿਹਾ ਹੈ ਜਿਸ ਨਾਲ਼ ਗਰੀਬ ਘਰਾਂ ਦੇ ਵਿਦਿਆਰਥੀਆਂ ਦਾ ਪੜ੍ਹਨਾ ਹੋਰ ਮੁਸ਼ਕਿਲ ਹੋ ਰਿਹਾ ਹੈ ਭਾਵੇਂ ਕਿ ਅਧਿਆਪਕ ਆਪਣੇ ਕੋਲੋਂ ਕੁਝ ਵਿਦਿਆਰਥੀਆਂ ਦੀ ਮਾਲੀ ਮਦਦ ਕਰਦੇ ਹਨ ਪਰ ਸਰਕਾਰ ਦੇ ਪੱਧਰ ਤੇ ਫੀਸਾਂ ਘਟਾਉਣ ਦਾ ਕੰਮ ਕਰਨਾ ਚਾਹੀਦਾ ਹੈ ਅਤੇ ਨਾਲ਼ ਹੀ ਪ੍ਰੀਖਿਆ ਸੈਂਟਰ ਪਿੱਤਰੀ ਸਕੂਲਾਂ ਵਿੱਚ ਬਣਾਏ ਜਾਣੇ ਚਾਹੀਦੇ ਹਨ ਜਿਸ ਨਾਲ਼ ਵਿਦਿਆਰਥੀਆਂ ਦੀ ਖੱਜਲ ਖੁਆਰੀ ਘੱਟ ਸਕੇ|ਮੀਟਿੰਗ ਵਿੱਚ ਵਿੱਤੀ ਅਤੇ ਹੋਰ ਮੁੱਦੇ ਵਿਚਾਰੇ ਗਏ ਇਸ ਸੰਬੰਧੀ ਦਸਦਿਆਂ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈੰਸ ਤੋਂ ਮੰਗ ਕੀਤੀ ਕਿ ਵਿਦਿਆਰਥੀ- ਅਧਿਆਪਕ ਅਨੁਪਾਤ ਨੂੰ ਸੰਤੁਲਿਤ ਕੀਤਾ ਜਾਵੇ, ਸਕੂਲਾਂ ਵਿੱਚ ਹਰ ਵਰਗ ਦੇ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਪੁਰ ਕੀਤਾ ਜਾਵੇ ਅਤੇ ਨਿਯਮਾਂ ਨੂੰ ਸੋਧਦੇ ਹੋਏ ਫੀਡਰ ਕਾਂਡਰਾਂ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਵਿਦਿਆਰਥੀ ਹਿੱਤ ਵਿੱਚ ਜਲਦ ਤੋਂ ਜਲਦ ਕੀਤੀਆਂ ਜਾਣ ਤਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਮੁਹਾਂਦਰਾ ਹੋਰ ਨਿਖਾਰਿਆ ਜਾ ਸਕੇ| ਇਸ ਮੌਕੇ ਜੱਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ, ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾਂ, ਜਗਤਾਰ ਸਿੰਘ ਸੈਦੋਕੇ, ਅਵਤਾਰ ਸਿੰਘ ਰੋਪੜ, ਰਾਮਵੀਰ ਸਿੰਘ,ਸ੍ਅਮਰਜੀਤ ਸਿੰਘ ਵਾਲੀਆ, ਬਲਦੀਸ਼ ਕੁਮਾਰ ਐੱਸ ਬੀ ਐੱਸ ਨਗਰ,ਸ੍ਜਗਤਾਰ ਸਿੰਘ ਹੁਸ਼ਿਆਰਪੁਰ, ਸ੍ਰ ਬਲਜੀਤ ਸਿੰਘ ਕਪੂਰਥਲਾ, ਤੇਜਿੰਦਰ ਸਿੰਘ ਤਰਨਤਾਰਨ, ਕੌਸ਼ਲ ਕੁਮਾਰ ਪਠਾਨਕੋਟ, ਚਮਕੌਰ ਸਿੰਘ ਫਰੀਦਕੋਟ, ਗੁਰਪ੍ਰੀਤ ਸਿੰਘ ਬਠਿੰਡਾ, ਸ੍ਰ ਲਖਵਿੰਦਰ ਸਿੰਘ ਮਾਨਸਾ, ਸ਼੍ਰੀ ਚਰਨਦਾਸ ਮੁਕਤਸਰ,ਸ੍ਜੀਤ ਸਿੰਘ, ਕਲਦੀਪ ਸਿੰਘ ਗਰੋਵਰ ਸ੍ਕਰਮਜੀਤ ਸਿੰਘ ਫਤਿਹਗੜ੍ਹ ਸਾਹਿਬ ਆਦਿ ਮੌਜ਼ੂਦ ਸਨ।

Related Post