post

Jasbeer Singh

(Chief Editor)

Patiala News

ਭਾਸ਼ਾ ਵਿਭਾਗ ਪੰਜਾਬ ਵੱਲੋਂ ਕਸ਼ਮੀਰ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਦੇ ਸਮਾਗਮਾਂ ਦੀ ਸ਼ੁਰੂਆ

post-img

ਭਾਸ਼ਾ ਵਿਭਾਗ ਪੰਜਾਬ ਵੱਲੋਂ ਕਸ਼ਮੀਰ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਦੇ ਸਮਾਗਮਾਂ ਦੀ ਸ਼ੁਰੂਆਤ -ਗੁਰਦੁਆਰਾ ਮੱਤਨ ਵਿਖੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਪਟਿਆਲਾ, 25 ਜੁਲਾਈ 2025 : 2025 ਦਾ ਇਹ ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ 350ਵਾਂ ਵਰ੍ਹਾ ਹੈ । ਇਸ ਪ੍ਰਥਾਏ ਭਾਸ਼ਾ ਵਿਭਾਗ ਪੰਜਾਬ ਨੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ‘ਤੇਗ ਬਹਾਦਰ ਸਿਮਰਿਐ’ ਦੇ ਸਿਰਲੇਖ ਅਧੀਨ ਹੋਣ ਵਾਲੇ ਦੋ ਦਿਨਾ ਸਮਾਗਮਾਂ ਦੀ ਸ੍ਰੀਨਗਰ ਨੇੜਲੀ ਪੰਡਿਤ ਕਿਰਪਾ ਰਾਮ ਦੀ ਜਨਮ ਭੂਮੀ ਮੱਤਨ (ਕਸ਼ਮੀਰ) ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂਆਤ ਕੀਤੀ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਜੰਮੂ ਕਸ਼ਮੀਰ ਦੇ ਚੋਣਵੇਂ ਪੰਜਾਬੀ ਬੁੱਧੀਜੀਵੀਆਂ ਅਤੇ ਕਲਮਕਾਰਾਂ ਸਮੇਤ ਪੰਜਾਬ ਤੋਂ ਗਏ 50 ਤੋਂ ਵਧੇਰੇ ਮੈਂਬਰਾਂ ਵਾਲਾ ਡੈਲੀਗੇਸ਼ਨ ਸਵੇਰ ਵੇਲੇ ਗੁਰਦੁਆਰਾ ਮੱਤਨ ਸਾਹਿਬ ਵਿਖੇ ਨਤਮਸਤਕ ਹੋਇਆ। ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ ਦੇ ਪ੍ਰਧਾਨ ਨਾਨਕ ਸਿੰਘ ਤੇ ਜਨਰਲ ਸਕੱਤਰ ਜਰਨੈਲ ਸਿੰਘ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸਥਾਨਕ ਸੰਗਤ ਨੇ ਡੈਲੀਗੇਸ਼ਨ ਦਾ ਸਵਾਗਤ ਕੀਤਾ। ਸਮਾਗਮ ਦੀ ਆਰੰਭਤਾ ਮਾ. ਪ੍ਰੇਮ ਸਿੰਘ, ਮਾ. ਜਰਨੈਲ ਸਿੰਘ ਤੇ ਭਾਈ ਸੁਰਿੰਦਰ ਸਿੰਘ ਦੇ ਜਥੇ ਨੇ ਭਾਵ-ਭਿੰਨੇ ਕੀਰਤਨ ਨਾਲ ਕੀਤੀ। ਫਿਰ ਭਾਈ ਰਾਜੂ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸ. ਨਿਰੰਜਨ ਸਿੰਘ ਨੇ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ । ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸੰਬੋਧਨ ’ਚ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਪਾਸ ਅਨੰਦਪੁਰ ਸਾਹਿਬ ਵਿਖੇ ਫਰਿਆਦ ਲੈ ਕੇ ਆਉਣ ਵਾਲੇ ਕਸ਼ਮੀਰੀ ਪੰਡਤਾਂ ਦੇ ਮੁਖੀ ਪੰਡਿਤ ਕਿਰਪਾ ਰਾਮ ਜੀ ਦਾ ਸਬੰਧ ਮੱਤਨ ਨਾਲ ਸੀ। ਪੰਡਿਤ ਜੀ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਗੁਰੂ ਘਰ ਦਾ ਸ਼ਰਧਾਲੂ ਸੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਹੀ ਰਹੇ ਅਤੇ ਗੁਰੂ ਪਰਿਵਾਰ ਦੀ ਸੇਵਾ ਸੰਭਾਲ ਕੀਤੀ। ਖਾਲਸਾ ਪੰਥ ਦੀ ਸਾਜਨਾ ਵੇਲੇ ਆਪ ਖੰਡੇ ਦੀ ਪਾਹੁਲ ਛਕ ਕੇ ਭਾਈ ਕਿਰਪਾ ਸਿੰਘ ਬਣੇ ਅਤੇ ਦਸੰਬਰ 1705 ਨੂੰ ਚਮਕੌਰ ਦੀ ਲੜਾਈ ਵਿੱਚ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਸ਼ਹੀਦ ਹੋਏ । ਗੁਰਦਵਾਰਾ ਕਮੇਟੀ ਵੱਲੋਂ ਡੈਲੀਗੇਸ਼ਨ ਨੂੰ ਬਹੁਤ ਪ੍ਰੇਮ ਸਹਿਤ ਗੁਰੂ ਕਾ ਲੰਗਰ ਛਕਾਇਆ ਗਿਆ।

Related Post