ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ
- by Jasbeer Singh
- December 22, 2025
ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ ਗਾਜ਼ੀਆਬਾਦ, 22 ਦਸੰਬਰ 2025 : ਨਮੋ ਭਾਰਤ ਟ੍ਰੇਨ `ਚ ਇਕ ਨੌਜਵਾਨ ਤੇ ਔਰਤ ਦੇ ਇਤਰਾਜ਼ਯੋਗ ਵਤੀਰੇ ਵਾਲੀ ਬਣੀ ਵੀਡੀਓ ਨੇ ਰੇਲਵੇ ਵਿਭਾਗ `ਚ ਹਲਚਲ ਮਚਾ ਦਿੱਤੀ ਹੈ । ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਇਹ ਵੀਡੀਓ ਟ੍ਰੇਨ ਦੇ ਸੀ. ਸੀ. ਟੀ. ਵੀ. ਕੈਮਰੇ `ਚ ਰਿਕਾਰਡ ਹੋ ਚੁਕੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਲੋਕੋ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਸੀ. ਟੀ. ਵੀ. ਫੁਟੇਜ ਦੀ ਦੁਰਵਰਤੋਂ ਸਮੇਤ ਪੱਖਾਂ ਦੀ ਜਾਂਚ ਕਰਨ ਤੋਂ ਬਾਅਦ ਕੀਤੀ ਜਾਵੇਗੀ ਅਗਲੀ ਕਾਰਵਾਈ ਜਾਣਕਾਰੀ ਅਨੁਸਾਰ ਇਹ ਘਟਨਾ 24 ਨਵੰਬਰ ਨੂੰ ਵਾਪਰੀ ਸੀ । ਉਦੋਂ ਨਮੋ ਭਾਰਤ ਟ੍ਰੇਨ ਮੁਰਾਦਨਗਰ ਤੇ ਦੁਹਾਈ ਸਟੇਸ਼ਨਾਂ ਦਰਮਿਆਨ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ । ਇਸ ਦੌਰਾਨ ਟ੍ਰੇਨ ਅੰਦਰ ਲੱਗੇ ਸੀ. ਸੀ. ਟੀ.ਵੀ. ਕੈਮਰੇ ਨੇ ਇਕ ਨੌਜਵਾਨ ਤੇ ਔਰਤ ਇਤਰਾਜ਼ਯੋਗ ਵਤੀਰੇ ਨੂੰ ਰਿਕਾਰਡ ਕੀਤਾ। ਦੋਸ਼ ਹੈ ਕਿ ਲੋਕੋ ਪਾਇਲਟ ਨੇ ਆਪਣੇ ਕੈਬਿਨ `ਚ ਲੱਗੇ ਮਾਨੀਟਰ ਤੋਂ ਇਸ ਨੂੰ ਆਪਣੇ ਮੋਬਾਈਲ ਫੋਨ `ਚ ਰਿਕਾਰਡ ਕੀਤਾ ਤੇ ਫਿਰ ਸੋਸ਼ਲ ਮੀਡੀਆ `ਤੇ ਵਾਇਰਲ ਕਰ ਦਿੱਤਾ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਦੀ ਦੁਰਵਰਤੋਂ ਸਮੇਤ ਸਾਰੇ ਪੱਖਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
