ਮਾਲੇਰਕੋਟਲਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ : ਐਸ. ਐਸ. ਪੀ.
- by Jasbeer Singh
- January 6, 2026
ਮਾਲੇਰਕੋਟਲਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ : ਐਸ. ਐਸ. ਪੀ. ਸ਼ਾਮ 6 ਤੋਂ 10 ਵਜੇ ਤੱਕ ਜ਼ਿਲ੍ਹੇ ਭਰ ’ਚ ਨਾਕਾਬੰਦੀ, ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਸਖ਼ਤ ਚੈਕਿੰਗ ਨਾਕਾਬੰਦੀ ਮੁਹਿੰਮ ਤਹਿਤ ਜ਼ਿਲ੍ਹੇ ਭਰ ’ਚ ਸਖ਼ਤ ਚੈਕਿੰਗ, ਸਮਾਜ ਵਿਰੋਧੀ ਅਨਸਰਾਂ ’ਤੇ ਕਸੀ ਨਕੇਲ ਮਾਲੇਰਕੋਟਲਾ, 6 ਜਨਵਰੀ 2026 : ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਮਾਜ ਵਿਰੋਧੀ ਤੱਤਾਂ ’ਤੇ ਨਕੇਲ ਕੱਸਣ ਲਈ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਲੇਰਕੋਟਲਾ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਸਮੇਂ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਪੁਲਿਸ ਦੀ ਪ੍ਰਾਥਮਿਕਤਾ ਹੈ । ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਜ਼ਿਲ੍ਹੇ ਦੇ ਮਾਲੇਰਕੋਟਲਾ, ਸੰਦੌੜ, ਅਮਰਗੜ੍ਹ ਅਤੇ ਅਹਿਮਦਗੜ੍ਹ ਖੇਤਰਾਂ ਵਿੱਚ ਵੱਖ-ਵੱਖ ਅਹਿਮ ਸਥਾਨਾਂ ’ਤੇ ਨਾਕੇ ਲਗਾਏ ਗਏ। ਨਾਕਾਬੰਦੀ ਦੌਰਾਨ ਮੁੱਖ ਤੌਰ ’ਤੇ ਦੋ ਪਹੀਆ ਵਾਹਨਾਂ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਗਈ । ਮਾਲੇਰਕੋਟਲਾ ਸਬ-ਡਿਵੀਜ਼ਨ ਵਿੱਚ ਐੱਸ.ਪੀ. ਰਾਜਵਿੰਦਰ ਸਿੰਘ ਅਤੇ ਡੀ.ਐੱਸ.ਪੀ. ਮਾਲੇਰਕੋਟਲਾ ਮਾਨਵਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਵੱਲੋਂ ਚੈਕਿੰਗ ਕੀਤੀ ਗਈ, ਜਦਕਿ ਸੰਦੌੜ ਖੇਤਰ ਵਿੱਚ ਡੀ. ਐੱਸ. ਪੀ. ਯਾਦਵਿੰਦਰ ਸਿੰਘ ਵੱਲੋਂ ਨਾਕਿਆਂ ਦੀ ਨਿਗਰਾਨੀ ਕੀਤੀ ਗਈ। ਇਸੇ ਤਰ੍ਹਾਂ ਅਮਰਗੜ੍ਹ ਖੇਤਰ ਵਿੱਚ ਐੱਸ.ਪੀ.(ਡੀ) ਸੱਤਪਾਲ ਸ਼ਰਮਾ ਅਤੇ ਡੀ.ਐੱਸ.ਪੀ. ਅਮਰਗੜ੍ਹ ਸੰਜੀਵ ਕਪੂਰ ਦੀ ਅਗਵਾਈ ਹੇਠ ਚੈਕਿੰਗ ਅਭਿਆਨ ਚਲਾਇਆ ਗਿਆ, ਜਦਕਿ ਅਹਿਮਦਗੜ੍ਹ ਖੇਤਰ ਵਿੱਚ ਡੀ.ਐੱਸ.ਪੀ. ਸੁਖਦੇਵ ਸਿੰਘ ਬਰਾੜ ਨੇ ਨਾਕਾਬੰਦੀ ਦੀ ਕਮਾਨ ਸੰਭਾਲੀ । ਚੈਕਿੰਗ ਦੌਰਾਨ ਵਾਹਨਾਂ ਦੇ ਦਸਤਾਵੇਜ਼, ਹੈਲਮਟ ਦੀ ਵਰਤੋਂ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਦੀ ਜਾਂਚ ਕੀਤੀ ਗਈ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਚੇਤਾਵਨੀ ਦਿੱਤੀ ਗਈ ਅਤੇ ਲੋੜ ਅਨੁਸਾਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ । ਐਸ. ਐਸ. ਪੀ. ਗਗਨ ਅਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਨਾਕਾਬੰਦੀ ਮੁਹਿੰਮਾਂ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਜਾਰੀ ਰਹਿਣਗੀਆਂ, ਤਾਂ ਜੋ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਦਾ ਮਾਹੌਲ ਬਣਿਆ ਰਹੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਸ਼ੱਕੀ ਗਤੀਵਿਧੀ ਦੌਰਾਨ ਤੁਰੰਤ ਡਾਇਲ 112 ’ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਪੁਲਿਸ ਜਨਤਾ ਦੀ ਸੁਰੱਖਿਆ ਲਈ ਹਰ ਵੇਲੇ ਤਿਆਰ ਹੈ ।
