ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਖੇਡਾਂ ' ਚ ਮੈਡਲ ਹਾਸਲ ਕਰਨ ' ਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਖੇਡਾਂ ' ਚ ਮੈਡਲ ਹਾਸਲ ਕਰਨ ' ਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ "ਜਦੋਂ ਬੱਚੇ ਖੇਡਾਂ ਵੱਲ ਆਉਣਗੇ , ਨਸ਼ਿਆਂ ਤੋਂ ਰਹਿਣਗੇ ਦੂਰ" - ਅਜੀਤ ਪਾਲ ਸਿੰਘ ਕੋਹਲੀ ਪਟਿਆਲਾ, 25 ਅਕਤੂਬਰ 2025 : ਪਟਿਆਲਾ ਦੇ ਵਿਧਾਇਕ ਸ. ਅਜੀਤ ਪਾਲ ਸਿੰਘ ਕੋਹਲੀ ਅੱਜ ਵੱਡਾ ਅਰਾਈ ਮਾਜਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿਚ ਮੈਡਲ ਹਾਸਲ ਕਰਨ 'ਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ । ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਨੀਰਜ ਦੀ ਪ੍ਰਸ਼ੰਸਾ ਕੀਤੀ, ਜਿਸ ਨੇ 14 ਤੋਂ 15 ਫੁੱਟ ਤੱਕ ਦੀ ਲੰਮੀ ਛਾਲ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਵਿਧਾਇਕ ਕੋਹਲੀ ਨੇ ਕਿਹਾ ਕਿ ਜੇਕਰ ਨੀਰਜ ਵਰਗੇ ਹੁਨਰਮੰਦ ਬੱਚਿਆਂ ਨੂੰ ਸਹੀ ਟ੍ਰੇਨਿੰਗ ਤੇ ਮੌਕੇ ਮਿਲਣ, ਤਾਂ ਉਹ ਨਾ ਸਿਰਫ ਪੰਜਾਬ ਦਾ, ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ । ਅਜੀਤ ਪਾਲ ਸਿੰਘ ਕੋਹਲੀ ਨੇ ਇਸ ਮੌਕੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੀਤੇ ਗਏ ਉਪਰਾਲੇ ਹੁਣ ਜ਼ਮੀਨੀ ਪੱਧਰ 'ਤੇ ਨਜ਼ਰ ਆਉਣ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕੰਮ ਛੋਟੇ ਸਮੇਂ ਵਿਚ ਕੀਤਾ ਹੈ, ਉਹ ਪਿਛਲੇ 70 ਸਾਲਾਂ ਵਿਚ ਨਹੀਂ ਹੋ ਸਕਿਆ। ਸਰਕਾਰ ਵੱਲੋਂ ਖੇਡਾਂ ਨਾਲ ਸਬੰਧਤ ਸਾਰੇ ਖਰਚੇ ਖੁਦ ਉਠਾਏ ਜਾ ਰਹੇ ਹਨ, ਤਾਂ ਜੋ ਕਿਸੇ ਵੀ ਬੱਚੇ ਦਾ ਹੁਨਰ ਆਰਥਿਕ ਕਮੀ ਕਾਰਨ ਰੁਕਾਵਟ ਦਾ ਸ਼ਿਕਾਰ ਨਾ ਹੋਵੇ । ਵਿਧਾਇਕ ਕੋਹਲੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਬੱਚਿਆਂ ਨੂੰ ਖੇਡਾਂ, ਸਿੱਖਿਆ ਅਤੇ ਚੰਗੀ ਸਿਹਤ ਨਾਲ ਜੋੜਨ ਉੱਤੇ ਹੈ । ਇਸੀ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਪਿੰਡ ਵੱਡਾ ਅਰਾਈ ਮਾਜਰਾ ਦੇ ਇਸ ਸਕੂਲ ਵਿਚ ਇਕ ਵਧੀਆ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਉਪਲਬਧ ਹੋਣਗੀਆਂ । ਉਨ੍ਹਾਂ ਕਿਹਾ ਕਿ ਜਦੋਂ ਬੱਚੇ ਖੇਡਾਂ ਵਿਚ ਆਪਣਾ ਧਿਆਨ ਲਾਉਣਗੇ, ਤਦ ਉਹ ਆਪੇ ਹੀ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣਗੇ । ਵਿਧਾਇਕ ਕੋਹਲੀ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸਿਰਫ਼ ਪੜ੍ਹਾਈ ਤੱਕ ਸੀਮਤ ਨਾ ਰੱਖਣ, ਸਗੋਂ ਉਨ੍ਹਾਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਮੈਦਾਨਾਂ ਨੂੰ ਮੁੜ ਜ਼ਿੰਦਗੀ ਦੇ ਰਹੀ ਹੈ, ਤਾਂ ਜੋ ਹਰ ਪਿੰਡ ਅਤੇ ਹਰ ਸਕੂਲ ਵਿਚੋਂ ਨਵੇਂ ਖਿਡਾਰੀ ਉਭਰ ਕੇ ਸਾਹਮਣੇ ਆ ਸਕਣ । ਇਸ ਮੌਕੇ ਪਿੰਡ ਦੇ ਲੋਕਾਂ ਨੇ ਵਿਧਾਇਕ ਕੋਹਲੀ ਦਾ ਧੰਨਵਾਦ ਕੀਤਾ ਕਿ ਉਹ ਖੁਦ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਨ ਪਹੁੰਚੇ ਅਤੇ ਪਿੰਡ ਦੇ ਸਕੂਲ ਲਈ ਨਵੇਂ ਵਿਕਾਸ ਕਾਰਜਾਂ ਦਾ ਐਲਾਨ ਕੀਤਾ । ਇਸ ਮੌਕੇ ਵਾਰਡ ਨੰਬਰ 36 ਤੋਂ ਐਮ. ਸੀ. ਹਰਪ੍ਰੀਤ ਸਿੰਘ, ਸਕੂਲ ਦੇ ਪ੍ਰਿੰਸੀਪਲ ਕਮਲਦੀਪ ਕੌਰ ਤੋਂ ਇਲਾਵਾ ਸਕੂਲ ਦੇ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ ।

