post

Jasbeer Singh

(Chief Editor)

Patiala News

ਵਾਰਡ ਨੰਬਰ 41, 31 ਤੇ 60 'ਚ ਸਫ਼ਲ ਰਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਨਸ਼ਾ ਮੁਕਤੀ ਯਾਤਰਾ

post-img

ਵਾਰਡ ਨੰਬਰ 41, 31 ਤੇ 60 'ਚ ਸਫ਼ਲ ਰਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਨਸ਼ਾ ਮੁਕਤੀ ਯਾਤਰਾ -ਪੰਜਾਬ ਸਰਕਾਰ ਨੇ ਨਸ਼ਿਆਂ ਦੇ ਤਸਕਰਾਂ ਦਾ ਲੱਕ ਤੋੜਿਆ-ਅਜੀਤਪਾਲ ਸਿੰਘ ਕੋਹਲੀ ਪਟਿਆਲਾ, 23 ਮਈ: ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਤਸਕਰ ਇਸ ਕਾਲੇ ਕਾਰੋਬਾਰ ਨੂੰ ਤੌਬਾ ਆਖ ਰਹੇ ਹਨ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਰੰਭੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ। ਅੱਜ ਸਥਾਨਕ ਕੌਂਸਲਰਾਂ, ਅਮਨਪ੍ਰੀਤ ਕੌਰ ਵਾਰਡ ਨੰਬਰ 41, ਪਦਮਜੀਤ ਕੌਰ ਵਾਰਡ ਨੰਬਰ 31 ਤੇ ਵਾਰਡ ਇੰਚਾਰਜ ਵੀਰਪਾਲ ਕੌਰ ਵਾਰਡ ਨੰਬਰ 60 ਵਿਖੇ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰਦਿਆਂ ਵਿਧਾਇਕ ਅਜੀਤ ਸਿੰਘ ਕੋਹਲੀ ਨੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਨਸ਼ਾ ਮੁਕਤੀ ਮੋਰਚੇ ਦੇ ਹਲਕਾ ਕੋਆਰਡੀਨੇਟਰ ਦਵਿੰਦਰਪਾਲ ਸਿੰਘ ਮਿੱਕੀ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਵਿਧਾਇਕ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰੀਬ ਤਿੰਨ ਸਾਲਾਂ ਦੀ ਡੂੰਘੀ ਸੋਚ ਵਿਚਾਰ ਤੇ ਤਜਵੀਜ਼ ਬਣਾ ਕੇ ਨਸ਼ਿਆਂ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਕੇ ਨਸ਼ਿਆਂ ਦੀ ਸਪਲਾਈ ਲਾਇਨ ਕੱਟੀ ਹੈ ਅਤੇ ਨਸ਼ੇ ਦੇ ਆਦੀਆਂ ਦੇ ਮੁੜ ਵਸੇਬੇ ਤੇ ਰੋਜ਼ਗਾਰ ਲਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਟਸਐਪ ਨੰਬਰ 97791-00200 'ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਦਾ ਸੱਦਾ ਦਿੰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਸਖ਼ਤੀ ਸਦਕਾ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਗਿਆ ਹੈ। ਕੋਹਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਸਮਾਜ ਤੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਡੱਟ ਕੇ ਸਾਥ ਦੇਣ। ਇਸ ਦੌਰਾਨ ਵਾਰਡ ਵਾਸੀਆਂ ਨੇ ਇਸ ਗੱਲ 'ਤੇ ਤਸੱਲੀ ਦਾ ਇਜ਼ਹਾਰ ਕੀਤਾ ਕਿ ਉਨ੍ਹਾਂ ਦੇ ਚੁਣੇ ਨੁਮਾਇੰਦੇ ਲੋਕਾਂ ਦੀ ਨਸ਼ਿਆਂ ਵਰਗੀ ਅਹਿਮ ਸਮੱਸਿਆ ਦੇ ਹੱਲ ਲਈ ਦਿਨ ਰਾਤ ਇੱਕ ਕਰਦੇ ਹੋਏ ਲੋਕਾਂ ਵਿੱਚ ਵਿਚਰ ਰਹੇ ਹਨ।

Related Post