post

Jasbeer Singh

(Chief Editor)

Patiala News

ਵਿਧਾਇਕ ਦੇਵ ਮਾਨ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਯੋਧੇ ਬਣਨ ਲਈ ਸਹੁੰ ਚੁਕਾਈ

post-img

ਵਿਧਾਇਕ ਦੇਵ ਮਾਨ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਯੋਧੇ ਬਣਨ ਲਈ ਸਹੁੰ ਚੁਕਾਈ -ਵਿਧਾਇਕ ਦੇਵ ਮਾਨ ਦੀ ਅਗਵਾਈ ਹੇਠ ਪਿੰਡ ਮਟੋਰੜਾ, ਖੇੜੀ ਜੱਟਾਂ ਤੇ ਸਧਰੋਲੀ 'ਚ ਨਸ਼ਾ ਮੁਕਤੀ ਯਾਤਰਾ ਨਾਭਾ, 17 ਮਈ : ਪਿੰਡਾਂ ਦੇ ਹਰ ਬਾਸ਼ਿੰਦੇ ਨੂੰ ਨਸ਼ਿਆਂ ਵਿਰੁੱਧ ਜੰਗ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਕੋਸ਼ਿਸ਼ ਤਹਿਤ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ ਅੱਜ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਮਟੋਰੜਾ, ਖੇੜੀ ਜੱਟਾਂ ਤੇ ਸਧਰੋਲੀ ਦੇ ਵਸਨੀਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਯੋਧੇ ਬਣਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੈ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਦੇਵ ਮਾਨ ਨੇ ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੇ ਪੂਰਨ ਸਮਰਥਨ ਅਤੇ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਾਹਨਤ ਸੂਬੇ ਦੇ ਚਿਹਰੇ ’ਤੇ ਇਕ ਧੱਬਾ ਹੈ ਅਤੇ ਇਸ ਲਾਹਨਤ ਨੂੰ ਮਿਟਾਉਣ ਲਈ ਸੂਬਾ ਸਰਕਾਰ ਨੂੰ ਰਣਨੀਤੀ ਬਣਾਉਣ ਵਿੱਚ ਦੋ ਸਾਲਾਂ ਤੋਂ ਵੱਧ ਸਮਾਂ ਲੱਗਿਆ। ਉਨ੍ਹਾਂ ਕਿਹਾ ਕਿ ਹੁਣ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ ਅਤੇ ਅਜਿਹੇ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖ਼ਾਂ ਪਿੱਛੇ ਡੱਕ ਦਿੱਤਾ ਗਿਆ, ਨਸ਼ਾ ਪੀੜਤਾਂ ਦਾ ਮੁੜ-ਵਸੇਬਾ ਯਕੀਨੀ ਬਣਾਇਆ ਗਿਆ ਅਤੇ ਇੱਥੋਂ ਤੱਕ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਵੀ ਜ਼ਬਤ ਕਰ ਕੇ ਨਸ਼ਟ ਕੀਤੀ ਗਈ । ਦੇਵ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਰੂਪ ਵਿੱਚ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਸੂਬੇ ਨੂੰ ਸਾਫ਼-ਸੁਥਰਾ ਬਣਾਉਣਾ ਹੈ। ਉਨ੍ਹਾਂ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਪੰਜਾਬੀਆਂ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਦ੍ਰਿੜ੍ਹ ਇਰਾਦਾ ਕਰ ਲਿਆ ਹੈ ਤਾਂ ਸਾਨੂੰ ਇਸ ਨੇਕ ਕਾਰਜ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਲੋਕਾਂ ਨੂੰ ਇਸ ਅਲਾਮਤ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਉੱਤੇ ਪੈਣ ਵਾਲੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਤੇ ਇਸ ਦੇ ਖ਼ਾਤਮੇ ਲਈ ਇੱਕਜੁੱਟ ਹੋਣ ਦਾ ਦ੍ਰਿੜ੍ਹ ਸੰਕਲਪ ਲੈਣਾ ਹੈ।

Related Post