
ਸਿੱਖਿਆ ਵਿਭਾਗ `ਚ ਤਰਸ ਦੇ ਆਧਾਰ `ਤੇ ਨੌਕਰੀ ਪਾਉਣ ਵਾਲੇ ਜਿਆਦਾਤਰ ਕਲਰਕ ਟਾਈਪਿੰਗ ਟੈਸਟ ਵਿਚੋਂ ਹੋਏ ਫ਼ੇਲ੍ਹ
- by Jasbeer Singh
- September 4, 2024

ਸਿੱਖਿਆ ਵਿਭਾਗ `ਚ ਤਰਸ ਦੇ ਆਧਾਰ `ਤੇ ਨੌਕਰੀ ਪਾਉਣ ਵਾਲੇ ਜਿਆਦਾਤਰ ਕਲਰਕ ਟਾਈਪਿੰਗ ਟੈਸਟ ਵਿਚੋਂ ਹੋਏ ਫ਼ੇਲ੍ਹ ਗੁਰਦਾਸਪੁਰ : ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫ਼ਤਰਾਂ, ਸੰਸਥਾਵਾਂ ਅਤੇ ਸਕੂਲਾਂ ਵਿਚ ਤਰਸ ਦੇ ਆਧਾਰ ਤੇ ਨਿਯੁਕਤ ਹੋਏ ਕਲਾਰਕਾਂ ਦਾ ਜੋ ਪੰਜਾਬੀ ਅਤੇ ਅੰਗ੍ਰੇਜ਼ੀ ਟਾਈਪ ਟੈਸਟ ਜੁਲਾਈ ਮਹੀਨੇ ਵਿਚ ਲਿਆ ਗਿਆ ਸੀ ਦੀ ਗੱਲ ਕੀਤੀ ਜਾਵੇ ਤਾਂ ਨਤੀਜਾ ਆਉਣ ਤੇ ਪਤਾ ਲੱਗਿਆ ਕਿ ਪ੍ਰੀਖਿਆ ਦੇਣ ਵਾਲੇ ਕਲਰਕਾਂ ਵਿੱਚੋਂ ਸਿਰਫ ਪੰਜਾਬੀ ਵਿੱਚੋਂ ਸੱਤ ਪ੍ਰਤੀਸ਼ਤ ਅਤੇ ਅੰਗਰੇਜ਼ੀ ਵਿੱਚੋਂ ਅੱਠ ਪ੍ਰਤੀਸ਼ਤ ਕਲਰਕ ਹੀ ਪ੍ਰੀਖਿਆ ਪਾਸ ਕਰ ਪਾਏ ਹਨ।ਦੱਸਣਯੋਗ ਹੈ ਕਿ ਉਕਤ ਨਤੀਜਿਆਂ ਸਬੰਧੀ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.), ਪੰਜਾਬ ਵੱਲੋਂ ਸੂਬੇ ਦੇ ਸਾਰੇ ਜਿਲਾ ਸਿੱਖਿਆ ਅਫਸਰਾਂ ਸਕੈਂਡਰੀ,ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ,ਸਮੂਹ ਪ੍ਰਿੰਸੀਪਲ ਡਾਇਟ ਅਤੇ ਸਮੂਹ ਬੀਪੀਓਜ ਨੂੰ ਦੋ ਅਗਸਤ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜੋ ਪੰਜਾਬ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਤਰਸ ਦੇ ਆਧਾਰ ਤੇ ਨਿਯੁਕਤ ਕੀਤੇ ਕਲਰਕਾਂ ਦੇ ਜੁਲਾਈ 2024 ਵਿੱਚ ਲਏ ਟਾਈਪ ਟੈਸਟ ਦੇ ਨਤੀਜੇ ਸਬੰਧੀ ਹੈ। ਪੰਜਾਬ ਸੂਬੇ ਦੇ ਤਰਸ ਦੇ ਅਧਾਰ ਤੇ ਨੌਕਰੀ ਲੈਣ ਵਾਲੇ 123 ਕਲਰਕਾਂ ਵਿੱਚੋਂ 86 ਕਲਰਕਾਂ ਨੇ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਦਿੱਤੀ ਅਤੇ 37 ਗੈਰ ਹਾਜ਼ਰ ਰਹੇ, ਜਿਨ੍ਹਾਂ ਵਿੱਚੋਂ ਸਿਰਫ ਛੇ ਕਲਰਕ ਹੀ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 80 ਫੇਲ ਰਹੇ। ਇਨਾਂ 123 ਵਿੱਚੋਂ ਕਲਰਕਾਂ ਵਿੱਚੋਂ 79 ਨੇ ਅੰਗਰੇਜੀ ਦੀ ਟਾਈਪਿੰਗ ਪ੍ਰੀਖਿਆ ਦਿੱਤੀ ਸੀ ਅਤੇ 44 ਕਲਰਕ ਗੈਰ ਹਾਜਰ ਰਹੇ ਪਰ ਇਨਾ ਹਾਜ਼ਰ ਕਲਰਕਾਂ ਵਿੱਚੋਂ ਸਿਰਫ 7 ਕਲਰਕ ਹੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 72 ਫੇਲ ਰਹੇ।ਇਸੇ ਤਰ੍ਹਾਂ ਗੁਰਦਾਸਪੁਰ ਜਿਲੇ ਵੱਲ ਦੇਖੀਏ ਤਾਂ ਗੁਰਦਾਸਪੁਰ ਦੇ ਚਾਰ ਕਲਰਕਾਂ ਨੇ ਤਰਸ ਦੇ ਅਧਾਰ ਤੇ ਨੌਕਰੀ ਲਈ ਹੈ ਜਿਨਾਂ ਵਿੱਚੋਂ ਤਿੰਨ ਨੇ ਟੈਸਟ ਦਿੱਤੇ ਹੀ ਨਹੀਂ ਅਤੇ ਇੱਕ ਜਿੰਨੇ ਟੈਸਟ ਦਿੱਤੇ ਉਹ ਅੰਗਰੇਜ਼ੀ ਵਿੱਚੋਂ ਫੇਲ ਦੇ ਪੰਜਾਬੀ ਵਿੱਚ ਪਾਸ ਕਰ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਹਾਲਾਂਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਗੈਰ ਹਾਜ਼ਰ ਰਹੇ ਅਤੇ ਫੇਲ ਹੋਏ ਕਲਰਕਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਣਾ ਹੈ ਤੇ ਅਕਤੂਬਰ ਮਹੀਨੇ ਵਿੱਚ ਇਹਨਾਂ ਦੀ ਫਿਰ ਤੋਂ ਇੱਕ ਵਾਰ ਪ੍ਰੀਖਿਆ ਲਈ ਜਾਵੇਗੀ ਅਤੇ ਨਵੇਂ ਕਰਮਚਾਰੀ ਵੀ ਅਕਤੂਬਰ ਵਿੱਚ ਇਹ ਪ੍ਰੀਖਿਆ ਦੇਣਗੇ ਜਿਸ ਦੇ ਲਈ ਵੇਰਵੇ ਇਕੱਠੇ ਕਰਨ ਦੀ ਪ੍ਰਕਿਰਿਆ ਵੀ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।