post

Jasbeer Singh

(Chief Editor)

Patiala News

ਜ਼ਿੰਦਗੀ ਦੇ ਸੰਘਰਸ਼ ਨੂੰ ਨਾਟਕ ਜਰੀਏ ਦਿਖਾਅ ਗਏ ਮੁੰਬਈ ਦੇ ਕਲਾਕਾਰ

post-img

ਜ਼ਿੰਦਗੀ ਦੇ ਸੰਘਰਸ਼ ਨੂੰ ਨਾਟਕ ਜਰੀਏ ਦਿਖਾਅ ਗਏ ਮੁੰਬਈ ਦੇ ਕਲਾਕਾਰ - ਨੈਸ਼ਨਲ ਥੀਏਟਰ ਫੈਸਟੀਵਲ ਦਾ ਚੌਥਾ ਦਿਨ - ਨਾਟਕ ‘ਕੋਸ਼ਿਸ’ ਨੇ ਹਰ ਉਮਰ ਦੇ ਦਰਸ਼ਕ ਨੂੰ ਕੀਤਾ ਪ੍ਰਭਾਵਿਤ ਪਟਿਆਲਾ : ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੌਰਥ ਜੋਨ ਕਲਚਰਲ ਸੈਂਟਰ (ਐੱਨ.ਜੈੱਡ.ਸੀ.ਸੀ.) ਦੇ ਸਹਿਯੋਗ ਨਾਲ ਆਯੋਜਿਤ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਨਾਟਕ ‘ਕੋਸ਼ਿਸ਼’ ਡਾਇਰੈਕਟਰ ਸੰਦੀਪ ਮੋਰੇ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਜਿਸ ਨੇ ਹਰ ਉਮਰ ਦੇ ਦਰਸ਼ਕ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ । ਇਸ ਨਾਟਕ ਰਾਹੀਂ ਰੋਜਾਨਾ ਦੀ ਜ਼ਿੰਦਗੀ ਵਿੱਚ ਹੁੰਦੀ ਨੱਠ ਭੱਜ ਨੂੰ ਬਹੁਤ ਹੀ ਸੁਚੱਜੇ ਨਾਲ ਪੇਸ਼ ਕੀਤਾ ਗਿਆ । ਇਸ ਦੇ ਨਾਲ ਹੀ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜ਼ਿੰਦਗੀ ਵਿੱਚ ਸੰਘਰਸ਼ ਤੋਂ ਬਿਨਾ ਕੁਝ ਵੀ ਹਾਸਲ ਨਹੀ ਕੀਤਾ ਜਾ ਸਕਦਾ । ਕੋਸ਼ਿਸ਼ ਨਾਮਕ ਸ਼ਬਦ ਹੀ ਸਾਨੂੰ ਸਫਲਤਾ ਦਾ ਰਾਹ ਦਿਖਾਉਂਦਾ ਹੈ। ਇਸ ਨਾਟਕ ਰਾਹੀਂ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਆਡੀਟੋਰੀਅਮ ਅੰਦਰ ਬੈਠੇ ਦਰਸ਼ਕ ਤਾੜੀਆਂ ਮਾਰੇ ਬਿਨਾ ਨਾ ਰਹਿ ਸਕੇ । ਨਾਟਕ ਦੇ ਕਲਾਕਾਰਾਂ ਵਿੱਚ ਮੁੱਖ ਪਾਤਰਾਂ ਵਿੱਚ ਸੰਦੀਪ ਮੋਰੇ, ਨਦੀਤਾ ਬਸਨੀਕ, ਹਰੀਸ਼ ਐਲ, ਐਮ.ਡੀ. ਹੁਸੈਨ, ਨਿਸ਼ਾ ਖੁਰਾਨਾ, ਗੌਰੀ ਗੁਲਾਟੀ, ਨਿਨਾਦ ਆਜਨੇ, ਪੂਜਾ ਡੋਲਾਸ, ਰਾਹੁਲ ਤੋੜਕਰ, ਰਮਾ ਚੰਦਰਸ਼ੇਖਰ, ਪ੍ਰਾਜੈਕਟਾਂ ਪਾਡੋਗਨਕਰ, ਪ੍ਰਮੁਗਦਾ ਵੇਂਕੇਟਸ,ਚਾਂਦਨੀ ਮਾਥੁਰ ਅਤੇ ਮ੍ਰਿਤੁੰਜੈ ਪਾਂਡੇ ਸ਼ਾਮਲ ਸਨ । ਫੈਸਟੀਵਲ ਦੇ ਮੁੱਖ ਮਹਿਮਾਨ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਅਦਾਕਾਰਾ ਡਾ. ਸੁਨੀਤਾ ਧੀਰ ਅਤੇ ਨਰੈਣ ਕੌਂਟੀਨੈਂਟਲ ਦੇ ਐਮ. ਡੀ. ਅਵਤਾਰ ਸਿੰਘ ਅਰੋੜਾ ਸਨ। ਜਿਨ੍ਹਾਂ ਨੇ ਸਾਂਝੇ ਤੌਰ ’ਤੇ ਨਾਟਕ ਦੇ ਕਲਾਕਾਰਾਂ ਦੀ ਸ਼ਾਨਦਾਰ ਪੇਸ਼ਕਾਰੀ ਲਈ ਤਾਰੀਫ਼ ਕੀਤੀ । ਉਨ੍ਹਾਂ ਕਿਹਾ ਕਿ ਨਾਟਕ ਵਿਚਲੇ ਸਾਰੇ ਕਲਾਕਾਰਾਂ ਨੇ ਇੱਕ ਤੋਂ ਇੱਕ ਵਧ ਕੇ ਸਫਲ ਪੇਸ਼ਕਾਰੀ ਦਿੰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਕਿਹਾ ਕਿ 13 ਨਵੰਬਰ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿੱਚ ਚੋਟੀ ਦੇ ਕਲਾਕਾਰ ਸ਼ਿਰਕਤ ਕਰਕੇ ਪਟਿਆਲਵੀਆਂ ਦਾ ਮਨ ਮੋਹ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਫੈਸਟੀਵਲ ਕਰਵਾਉਣ ਦਾ ਮੁੱਖ ਮਕਸਦ ਅੱਜ ਦੀ ਪੀੜ੍ਹੀ ਨੂੰ ਰੰਗ ਮੰਚ ਨਾਲ ਜੋੜਨਾ ਹੈ । ਇਸ ਤੋਂ ਇਲਾਵਾ ਇਸ ਫੈਸਟੀਵਲ ਦੇ ਨਿਰਦੇਸ਼ਕ ਅਤੇ ਪ੍ਰਸਿੱਧ ਥੀਏਟਰ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਨੇ ਆਖਿਆ ਕਿ ਕਲਾਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ ਫੈਸਟੀਵਲ ਵਿੱਚ ਸਾਡੀ ਰੋਜਾਨਾ ਦੀ ਜ਼ਿੰਦਗੀ ਨਾਲ ਸਬੰਧਿਤ ਨਾਟਕ ਪੇਸ਼ ਕੀਤੇ ਜਾ ਰਹੇ ਹਨ, ਜਿਸ ਤੋਂ ਹਰ ਇੱਕ ਇਨਸਾਨ ਨੂੰ ਸੇਧ ਮਿਲਦੀ ਹੈ । ਇਸ ਫੈਸਟੀਵਲ ਵਿੱਚ ਮੁਹਾਰਤ ਹਾਸਲ ਕਲਾਕਾਰ ਭਰਵੀਂ ਸ਼ਮੂਲੀਅਤ ਕਰ ਰਹੇ ਹਨ । ਉਨ੍ਹਾਂ ਅੱਗੇ ਆਖਿਆ ਕਿ ਕੱਲ੍ਹ 11 ਨਵੰਬਰ ਸੋਮਵਾਰ ਨੂੰ ਨਾਟਕ ‘ਪੁਕਾਰ’ ਦਾ ਮੰਚਨ ਕੀਤਾ ਜਾਵੇਗਾ । ਉਨ੍ਹਾਂ ਨੇ ਸਮੂਹ ਪਟਿਆਲਵੀਆਂ ਨੂੰ ਇਸ ਫੈਸਟੀਵਲ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ ।

Related Post