ਮੁੰਬਈ ਬੀ. ਐੱਮ. ਡਬਲਯੂ. ਕਾਰ ਹਿੱਟ ਐਂਡ ਰਨ ਮਾਮਲਾ ਨਵੀਂ ਦਿੱਲੀ, 15 ਦਸੰਬਰ 2025 : ਸੁਪਰੀਮ ਕੋਰਟ ਨੇ 2024 `ਚ ਮੁੰਬਈ ਵਿਚ ਬੀ. ਐੱਮ. ਡਬਲਿਊ. ਕਾਰ ਹਿੱਟ ਐਂਡ ਰਨ ਮਾਮਲੇ ਵਿਚ ਸਿ਼ਵ ਸੈਨਾ ਦੇ ਇਕ ਸਾਬਕਾ ਨੇਤਾ ਦੇ ਪੁੱਤਰ ਮਿਹਿਰ ਸ਼ਾਹ ਦੀ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ `ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਏ. ਜੀ. ਮਸੀਹ ਦੀ ਬੈਂਚ ਨੇ ਇਸ ਗੱਲ `ਤੇ ਗੌਰ ਕੀਤਾ ਕਿ ਮੁਲਜ਼ਮ ਇਕ ਅਮੀਰ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦੇ ਪਿਤਾ ਰਾਜੇਸ਼ ਸ਼ਾਹ, ਉਪ-ਮੁੱਖ ਮੰਤਰੀ ਏਕਨਾਥ ਸਿ਼ੰਦੇ ਦੀ ਅਗਵਾਈ ਵਾਲੇ ਸਿ਼ਵ ਸੈਨਾ ਧੜੇ ਨਾਲ ਜੁੜੇ ਰਹੇ ਹਨ। ਜ਼ਮਾਨਤ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਬੈਂਚ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ। ਕਿ ਉਸਨੇ ਆਪਣੀ ਮਰਸੀਡੀਜ਼ ਕਾਰ ਖੜ੍ਹੀ ਕੀਤੀ, ਬੀ. ਐੱਮ. ਡਬਲਯੂ. ਕਾਰ ਕੱਢੀ, ਉਸਨੂੰ ਟੱਕਰ ਮਾਰੀ ਅਤੇ ਫਰਾਰ ਹੋ ਗਿਆ। ਉਸਨੂੰ ਕੁਝ ਸਮਾਂ ਜੇਲ ਵਿਚ ਬਿਤਾਉਣ ਦਿਓ। ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਸ਼ਾਹ ਦੀ ਨੁਮਾਇੰਦਗੀ ਕਰ ਰਹੀ ਸੀਨੀਅਰ ਵਕੀਲ ਰੇਬੇਕਾ ਜਾਨ ਨੇ ਕਿਹਾ ਕਿ ਹਾਈ ਕੋਰਟ ਨੇ ਮਾਮਲੇ ਦੇ ਮੁੱਖ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ । ਹਾਲਾਂਕਿ ਅਦਾਲਤ ਦੇ ਰੁਖ਼ ਨੂੰ ਸਮਝਦੇ ਹੋਏ ਉਨ੍ਹਾਂ ਨੇ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਮੰਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ।
