

ਨਗਰ ਨਿਗਮ ਕਮਿਸ਼ਨਰ ਵਲੋਂ ਐਲ. ਐਂਡ. ਟੀ. ਨੂੰ ਸਖ਼ਤ ਹਦਾਇਤ ਪੁੱਟੀਆਂ ਸੜਕਾਂ ਦੀ ਮੁਰੰਮਤ ਪੰਦਰਾਂ ਦਿਨਾਂ ਦੇ ਅੰਦਰ ਕਰਨੀ ਯਕੀਨੀ ਬਣਾਈ ਜਾਵੇ ਪਟਿਆਲਾ, 8 ਨਵੰਬਰ : ਨਗਰ ਨਿਗਮ, ਪਟਿਆਲਾ ਦੇ ਕਮਿਸ਼ਨਰ ਡਾ. ਰਜਤ ਓਬਰਾਏ ਨੇ ਸ਼ਹਿਰ ਵਿਚ ਵੱਖ ਵੱਖ ਥਾਂਵਾ ‘ਤੇ 24 ਘੰਟੇ 7 ਦਿਨ ਨਹਿਰੀ ਪਾਣੀ ਸਪਲਾਈ ਦੇ ਪ੍ਰੋਜੈਕਟ ਅਧੀਨ ਐਲ. ਐਂਡ. ਟੀ. ਵਲੋਂ ਪੁੱਟੀਆ ਸੜਕਾਂ ਦੀ ਰੈਸਟੋਰੇਸ਼ਨ ਦੇ ਕੰਮ ਵਿਚ ਹੋ ਰਹੀ ਦੇਰੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਕੰਪਨੀ ਦੇ ਨੁਮਾਇੰਦਿਆਂ, ਸੀਵਰੇਜ਼ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਡਾ. ਰਜਤ ਓਬਰਾਏ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਸਖਤ ਹਦਾਇਤ ਕੀਤੀ ਕਿ ਜਿਨ੍ਹਾਂ ਸੜਕਾ ਦੀ ਰੀਸਟੋਰੇਸ਼ਨ ਦਾ ਕੰਮ ਕੰਪਨੀ ਵਲੋਂ ਕੀਤਾ ਜਾਣਾ ਹੈ, ਉਹ ਬਿਨ੍ਹਾਂ ਕਿਸੇ ਦੇਰੀ ਤੋਂ ਸ਼ੁਰੂ ਕੀਤਾ ਜਾਵੇ ਅਤੇ ਅਗਲੇ 15 ਦਿਨਾਂ ਦੇ ਅੰਦਰ ਅੰਦਰ ਸਮੂਹ ਸੜਕਾਂ ਦੀ ਰੀਸਟੋਰੇਸ਼ਨ ਦਾ ਕੰਮ ਮੁਕੰਮਲ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਅਤੇ ਕੋਤਾਹੀ ਨਾ ਕੀਤੀ ਜਾਵੇ। ਮੀਟਿੰਗ ਵਿਚ ਸੀਵਰੇਜ਼ ਬੋਰਡ ਵਲੋਂ ਕੁੱਝ ਸੜਕਾਂ ਦੀ ਐਨ. ਓ. ਸੀ. ਜਾਰੀ ਕੀਤੀ ਜਾਣੀ ਸੀ ਜਿਸ ਕਰਕੇ ਨਗਰ ਨਿਗਮ ਵਲੋਂ ਕੀਤਾ ਜਾਣ ਵਾਲਾ ਸੜਕਾਂ ਦਾ ਕੰਮ ਵੀ ਰੁਕਿਆ ਹੋਇਆ ਸੀ, ਲਈ ਇਹ ਐਨ. ਓ. ਸੀ. ਵੀ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਹੀ ਪ੍ਰਾਪਤ ਕਰਕੇ ਇੰਜੀਨੀਅਰਿੰਗ ਸ਼ਾਖਾ ਦੇ ਹਵਾਲੇ ਕਰ ਦਿੱਤੀ ਗਈ ਹੈ । ਇਸ ਐਨ. ਓ. ਸੀ. ਦੇ ਪ੍ਰਾਪਤ ਹੋਣ ਨਾਲ ਨਿਗਮ ਵਲੋਂ ਅਜੀਤ ਨਗਰ, ਹੀਰਾ ਨਗਰ, ਮਜੀਠੀਆ ਇਨਕਲੇਵ, ਬਡੂੰਗਰ, ਮਹਿੰਦਰਾ ਕਾਲਜ਼ ਅਤੇ ਢਿੱਲੋਂ ਕਲੋਨੀ, ਨਾਭਾ ਰੋਡ ਤੋਂ ਟਿਵਾਣਾ ਚੌਕ, ਫੈਕਟਰੀ ਏਰੀਆ ਬੰਨਾ ਤੋਂ ਉਪਕਾਰ ਨਗਰ, ਏਕਤਾ ਨਗਰ, ਭੁਪਿੰਦਰਾ ਪਲਾਜ਼ਾ ਤੋਂ ਰੇਲਵੇ ਲਾਈਨ ਅਤੇ ਘੁੰਮਣ ਨਗਰ ਦਾ ਵਿਕਾਸ ਦੇ ਕੰਮਾਂ ਦਾ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਮੀਟਿੰਗ ਵਿਚ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਅਤੇ ਦੀਪਜੌਤ ਕੌਰ, ਨਿਗਰਾਨ ਇੰਜੀਨੀਅਰ ਹਰਕਿਰਨ ਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਲੀਆ, ਕਾਰਜਕਾਰੀ ਇੰਜੀਨੀਅਰ ਸੀਵਰੇਜ਼ ਬੋਰਡ ਵਿਕਾਸ ਧਵਨ ਅਤੇ ਐਲ. ਐਡ. ਟੀ. ਦੇ ਪ੍ਰੋਜੈਕਟ ਮੈਨੇਜ਼ਰ ਸੁਖਦੇਵ ਝਾ ਵੀ ਮੌਜੂਦ ਸਨ ।