
ਮੁਸ਼ਤਾਕ ਖਾਨ ਦੇ ਅਗਵਾਕਾਰਾਂ ਨੇ ਸ਼ਕਤੀ ਕਪੂਰ ਨੂੰ ਵੀ ਅਗਵਾ ਕਰਨ ਦੀ ਬਣਾਈ ਸੀ ਯੋਜਨਾ

ਮੁਸ਼ਤਾਕ ਖਾਨ ਦੇ ਅਗਵਾਕਾਰਾਂ ਨੇ ਸ਼ਕਤੀ ਕਪੂਰ ਨੂੰ ਵੀ ਅਗਵਾ ਕਰਨ ਦੀ ਬਣਾਈ ਸੀ ਯੋਜਨਾ ਮੰੁਬਈ : ਪੁਲਸ ਨੇ ਅਦਾਕਾਰ ਮੁਸ਼ਤਾਕ ਮੁਹੰਮਦ ਖਾਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਦੋਸ਼ ਹੇਠ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਮੁਤਾਬਕ ਇਹ ਗਿਰੋਹ ਅਦਾਕਾਰ ਸ਼ਕਤੀ ਕਪੂਰ ਨੂੰ ਵੀ ਸਮਾਗਮ ਵਿੱਚ ਬੁਲਾਉਣ ਦੇ ਬਹਾਨੇ ਅਗਵਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ । ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸਾਰਥਕ ਚੌਧਰੀ, ਸਬੀਉਦੀਨ, ਅਜ਼ੀਮ ਅਤੇ ਸ਼ਸ਼ਾਂਕ ਵਜੋਂ ਹੋਈ ਹੈ । ਉਨ੍ਹਾਂ ਕੋਲੋਂ 1.04 ਲੱਖ ਰੁਪਏ ਬਰਾਮਦ ਹੋਏ ਹਨ। ਪੁਲਸ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ ਸਮਾਗਮ ਦੇ ਸੱਦੇ ਦੀ ਆੜ ਵਿੱਚ ਅਗਾਊਂ ਭੁਗਤਾਨ ਕਰਕੇ ਅਤੇ ਹਵਾਈ ਟਿਕਟਾਂ ਭੇਜ ਕੇ ਫਿਲਮੀ ਸਿਤਾਰਿਆਂ ਨੂੰ ਅਗਵਾ ਕਰਨ ਦੀ ਸਾਜਿ਼ਸ਼ ਵਿੱਚ ਸ਼ਾਮਲ ਸੀ । ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਦਾਕਾਰ ਸ਼ਕਤੀ ਕਪੂਰ ਨੂੰ ਵੀ ਇਸੇ ਤਰ੍ਹਾਂ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਕਿਸੇ ਕਾਰਨ ਸੌਦਾ ਰੱਦ ਹੋ ਗਿਆ ਸੀ । ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਇਹ ਗਰੋਹ ਹੋਰ ਫਿਲਮੀ ਸਿਤਾਰਿਆਂ ਨੂੰ ਅਗਵਾ ਕਰਨ ਵਿੱਚ ਵੀ ਸ਼ਾਮਲ ਸੀ । ਜਿਕਰਯੋਗ ਹੈ ਕਿ 15 ਅਕਤੂਬਰ ਨੂੰ ਮੁਸ਼ਤਾਕ ਮੁਹੰਮਦ ਖਾਨ ਨੂੰ ਮੇਰਠ ’ਚ ਇਕ ਪ੍ਰੋਗਰਾਮ ਵਿੱਚ ਸੱਦਾ ਦੇਣ ਲਈ 25,000 ਰੁਪਏ ਦਾ ਐਡਵਾਂਸ ਭੁਗਤਾਨ ਕਰਕੇ ਹਵਾਈ ਟਿਕਟ ਭੇਜੀ ਗਈ ਸੀ । 20 ਨਵੰਬਰ ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ । 20 ਨਵੰਬਰ ਦੀ ਰਾਤ ਨੂੰ ਮੁਲਜ਼ਮ ਸ਼ਰਾਬ ਪੀ ਕੇ ਸੌਂ ਗਿਆ ਅਤੇ ਅਗਲੀ ਸਵੇਰ ਮੁਸ਼ਤਾਕ ਖਾਨ ਭੱਜਣ ਵਿੱਚ ਕਾਮਯਾਬ ਹੋ ਗਿਆ । 21 ਨਵੰਬਰ ਨੂੰ ਅਗਵਾਕਾਰਾਂ ਨੇ ਮੁਸ਼ਤਾਕ ਖਾਨ ਦੇ ਖਾਤੇ ’ਚੋਂ 2.2 ਲੱਖ ਰੁਪਏ ਕਢਵਾ ਲਏ ਸਨ ।