
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਕਰਵਾਇਆ 'ਪ੍ਰਤਿਭਾ-ਖੋਜ ਸਮਾਰੋਹ'
- by Jasbeer Singh
- September 12, 2024

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਕਰਵਾਇਆ 'ਪ੍ਰਤਿਭਾ-ਖੋਜ ਸਮਾਰੋਹ' ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਮੌਜੂਦਾ ਸੈਸ਼ਨ ਵਿਚ ਵਿਭਾਗ ਦੇ ਵੱਖ -ਵੱਖ ਕੋਰਸਾਂ ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੀ ਸੰਗੀਤਕ ਪ੍ਰਤਿਭਾ ਨੂੰ ਪਰਖਣ ਲਈ 'ਪ੍ਰਤਿਭਾ-ਖੋਜ ਸਮਾਰੋਹ' ਕਰਵਾਇਆ ਗਿਆ। ਵਰਣਨਯੋਗ ਹੈ ਕਿ ਵਿਭਾਗ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਤੋਂ ਵੀ ਕਾਫ਼ੀ ਗ਼ਿਣਤੀ ਵਿਚ ਵਿਦਿਆਰਥੀ ਦਾਖ਼ਲਾ ਲੈਂਦੇ ਹਨ। ਸਮਾਰੋਹ ਦੌਰਾਨ ਸੰਗੀਤ ਗਾਇਨ, ਵਾਦਨ ਅਤੇ ਪੰਜਾਬੀ ਲੋਕ ਸੰਗੀਤ ਅਤੇ ਸੂਫ਼ੀ ਸੰਗੀਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਵਿਚ ਪੇਸ਼ਕਾਰੀ ਦੇ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਿਸ ਵਿਚ ਸ਼ਬਦ, ਭਜਨ, ਗ਼ਜ਼ਲ, ਸੂਫੀਆਨਾ ਕਲਾਮ, ਲੋਕ ਗੀਤ, ਰਾਗਦਾਰੀ ਸੰਗੀਤ ਸਾਮਿਲ ਹਨ। ਵਿਦਿਆਰਥੀਆਂ ਨੇ ਹੀ ਇੱਕ ਦੂਜੇ ਨਾਲ਼ ਤਬਲਾ, ਹਾਰਮੋਨੀਅਮ, ਗਿਟਾਰ, ਰਬਾਬ, ਢੋਲਕ ਅਤੇ ਢੋਲ ਉੱਤੇ ਸੰਗਤ ਕੀਤੀ । ਇਸ ਪ੍ਰੋਗਰਾਮ ਦੀ ਇੱਕ ਹੋਰ ਵਿਸੇਸ਼ਤਾ ਸਾਫ਼-ਸੁਥਰੀ ਸੰਜੀਦਾ ਗਾਇਕੀ ਦੀ ਪੇਸ਼ਕਾਰੀ ਸੀ, ਜਿਸਦਾ ਕਲਾ ਭਵਨ ਵਿਚ ਹਾਜ਼ਿਰ ਸ੍ਰੋਤਿਆਂ ਨੇ ਭਰਪੂਰ ਆਨੰਦ ਮਾਣਿਆ । ਇਸ ਪ੍ਰੋਗਰਾਮ ਦੀ ਨਿਗਰਾਨੀ ਅਤੇ ਸੰਚਾਲਨ ਸੰਗੀਤਕ ਵਿਭਾਗ ਦੇ ਪ੍ਰੋ. ਨਿਵੇਦਿਤਾ ਉੱਪਲ ਨੇ ਕੀਤਾ । ਸੰਗੀਤ ਵਿਭਾਗ ਦੇ ਮੁਖੀ ਡਾ. ਅਲੰਕਾਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਸਾਡਾ ਮੁੱਖ ਉਦੇਸ਼ ਹੈ । ਇਸ ਮੌਕੇ ਵਿਭਾਗ ਦੇ ਹੋਰ ਸਟਾਫ਼ ਮੈਂਬਰਾਨ ਡਾ. ਜਯੋਤੀ ਸ਼ਰਮਾ, ਸ੍ਰੀਮਤੀ ਵਨੀਤਾ, ਡਾ. ਕਮਲਜੀਤ ਕੌਰ, ਡਾ. ਰਾਜਵੀਰ ਕੌਰ, ਡਾ. ਰਹਿਮੋ, ਸ੍ਰੀ ਜੈਦੇਵ, ਮਨਦੀਪ ਸਿੰਘ, ਡਾ. ਨਿਰਮਲ ਸਿੰਘ, ਡਾ. ਰਣਜੀਤ ਸਿੰਘ, ਨਰਿੰਦਰਪਾਲ ਸਿੰਘ, ਅਮਰੇਸ਼ ਭੱਟ ਅਤੇ ਖੋਜਾਰਥੀ ਹਾਜ਼ਰ ਰਹੇ ।